ਐਸਸੀ/ਬੀਸੀ ਮੁਲਾਜ਼ਮ ਤੇ ਲੋਕ ਏਕਤਾ ਫਰੰਟ ਵੱਲੋਂ ਕਾਂਗਰਸ ਤੇ ਸੰਵਿਧਾਨ ਵਿਰੋਧੀ ਤਾਕਤਾਂ ਦੇ ਬਾਈਕਾਟ ਦਾ ਐਲਾਨ

ਮੁੱਖ ਮੰਤਰੀ ਚੰਨੀ ਨੇ ਦਲਿਤ ਭਾਈਚਾਰੇ ਦਾ ਘਾਣ ਕੀਤਾ: ਅਵਤਾਰ ਸਿੰਘ ਕੈਂਥ/ਬਲਜੀਤ ਸਲਾਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਐਸਸੀ/ਬੀਸੀ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮੁੱਦਿਆਂ ਨੂੰ ਲਗਾਤਾਰ ਅਣਗੌਲਿਆ ਕਰਨ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕੋਸਦਿਆਂ ਮੁਲਾਜ਼ਮ ਅਤੇ ਲੋਕ ਏਕਤਾ ਫਰੰਟ ਨੇ ਪੰਜਾਬ ਵਾਸੀਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਪੂਰਨ ਬਾਈਕਾਟ ਕਰਨ ਦੀ ਅਪੀਲ ਕੀਤੀ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਸੀ/ਬੀਸੀ ਮੁਲਾਜ਼ਮ ਅਤੇ ਲੋਕ ਏਕਤਾ ਫਰੰਟ ਦੇ ਕਨਵੀਨਰ ਬਲਜੀਤ ਸਿੰਘ ਸਲਾਣਾ ਅਤੇ ਅਵਤਾਰ ਸਿੰਘ ਕੈਂਥ ਨੇ ਕਿਹਾ ਕਿ ਫਰੰਟ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਲਗਾਤਾਰ ਕਈ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਚੰਨੀ ਨੇ ਭਰੋਸਾ ਦਿੱਤਾ ਸੀ ਕਿ 85ਵੀਂ ਸੋਧ ਅਤੇ ਫਰੰਟ ਦੀਆਂ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ ਪਰ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ।
ਇਸ ਤੋਂ ਇਲਾਵਾ 10 ਅਕਤੂਬਰ 2014 ਦੇ ਪੱਤਰ ਦੀ ਵਾਪਸੀ, ਆਬਾਦੀ ਅਨੁਸਾਰ ਰਾਖਵਾਂਕਰਨ, ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਲਈ ਜ਼ਿੰਮੇਵਾਰ ਆਗੂਆਂ ਅਤੇ ਅਫ਼ਸਰਾਂ ਨੂੰ ਸਜ਼ਾਵਾਂ ਦੇਣ, ਵੱਖ-ਵੱਖ ਵਿਭਾਗਾਂ ਵਿੱਚ ਪਿਆ ਬੈਕਲਾਗ ਪੂਰਾ ਕਰਨਾ, ਕੱਚੇ ਕਾਮੇ ਪੱਕੇ ਕਰਨੇ ਅਤੇ ਪੁਰਾਣੀ ਪੈਨਸ਼ਨ ਸਕੀਮ ਆਦਿ ਕੋਈ ਕੰਮ ਪੂਰਾ ਨਹੀਂ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ ਫਰੰਟ ਦੇ ਮੈਂਬਰ ਕਰੀਬ ਡੇਢ ਮਹੀਨਾ ਮੁੱਖ ਮੰਤਰੀ ਦੀ ਮੋਰਿੰਡਾ ਰਿਹਾਇਸ਼ ਦੇ ਬਾਹਰ ਭੁੱਖ-ਹੜਤਾਲ ’ਤੇ ਬੈਠੇ ਰਹੇ ਪਰ ਚੰਨੀ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਫਰੰਟ ਵੱਲੋਂ ਕਾਂਗਰਸ ਦਾ ਬਾਈਕਾਟ ਕਰਨ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਨੇ ਸਮੂਹ ਮੁਲਾਜ਼ਮ ਵਰਗ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮ ਵਿਰੋਧੀ ਚੰਨੀ ਸਰਕਾਰ ਅਤੇ ਸੰਵਿਧਾਨ ਵਿਰੋਧੀ ਤਾਕਤਾਂ ਦਾ ਚੋਣਾਂ ਵਿੱਚ ਪੂਰਨ ਬਾਈਕਾਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਆਰਥਿਕ ਆਧਾਰ ’ਤੇ ਨਾ ਹੁੰਦੇ ਹੋਏ ਸਮਾਜਿਕ ਆਧਾਰ ’ਤੇ ਦਿੱਤਾ ਗਿਆ ਸੀ। ਇਸ ਲਈ ਰਾਖਵਾਂਕਰਨ ਖ਼ਤਮ ਕਰਨ ਤੋਂ ਪਹਿਲਾਂ ਜਾਤੀਵਾਦ ਨੂੰ ਖ਼ਤਮ ਕਰਨਾ ਜ਼ਰੂਰੀ ਹੈ।
ਇਸ ਮੌਕੇ ਲਛਮਣ ਸਿੰਘ ਨਬੀਪੁਰ ਚੀਫ਼ ਆਰਗੇਨਾਈਜ਼ਰ, ਨਾਰੰਗ ਸਿੰਘ, ਬਾਬੂ ਨਸੀਬ ਚੰਦ ਕੋ-ਕਨਵੀਨਰ, ਕ੍ਰਿਸ਼ਨ ਸਿੰਘ ਦੁੱਗਾ ਕਾਰਜਕਾਰੀ ਪ੍ਰਧਾਨ ਐਸਸੀ/ਬੀਸੀ ਟੀਚਰਜ਼ ਯੂਨੀਅਨ, ਗੁਰਪ੍ਰੀਤ ਸਿੰਘ ਗੁਰੂ ਵਿੱਤ ਸਕੱਤਰ ਪੰਜਾਬ, ਰਵਿੰਦਰ ਸਿੰਘ ਬੀਕਾ, ਪਰਵਿੰਦਰ ਭਾਰਤੀ, ਬਲਬੀਰ ਸਿੰਘ ਪੀਆਰਟੀਸੀ, ਪਵਿੱਤਰ ਸਿੰਘ ਨੌ-ਲੱਖਾ, ਪਰਮਿੰਦਰ ਸਿੰਘ ਗੁਰਦਾਸਪੁਰ, ਹਰਬੰਸ ਲਾਲ ਕੈਂਥ, ਬਲਵਿੰਦਰ ਸਿੰਘ ਲਤਾਲਾ ਸੀ. ਮੀਤ ਪ੍ਰਧਾਨ, ਵੀਰ ਸਿੰਘ ਮੋਗਾ, ਹਰਪਾਲ ਸਿੰਘ ਤਰਨਤਾਰਨ ਅਤੇ ਵਿਜੈ ਮਾਨਸਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…