ਐਸਸੀ/ਬੀਸੀ ਅਧਿਆਪਕ ਯੂਨੀਅਨ ਨੂੰ ‘ਆਪ’ ਸਰਕਾਰ ਤੋਂ ਵੱਡੀਆਂ ਉਮੀਦਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਐਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਪਿਛਲੇ ਸਮੇਂ ਵਿੱਚ ਕੀਤੇ ਸੰਘਰਸ਼ ਦੀ ਸਮੀਖਿਆ ਕੀਤੀ ਗਈ। ਭਰਾਤਰੀ ਜਥੇਬੰਦੀਆਂ ਵਿੱਚ ਸ਼ਮੂਲੀਅਤ ਅਤੇ ਨਵੇਂ ਬਦਲਵੇਂ ਹਾਲਾਤ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਬਹੁਸੰਮਤੀ ਨਾਲ ਫੈਸਲਾ ਲੈ ਕੇ ਜਥੇਬੰਦੀ ਨੂੰ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ’ਤੇ ਜ਼ੋਰ ਦਿੱਤਾ।
ਬੁਲਾਰਿਆਂ ਨੇ ਸੰਗਠਨ ਦੀ ਮਜ਼ਬੂਤੀ ਲਈ ਕਾਡਰ ਕੈਂਪ ਲਗਾਉਣ ਦੀ ਲੋੜ ਮਹਿਸੂਸ ਕੀਤੀ ਗਈ ਤਾਂ ਜੋ ਹਰ ਪੱਧਰ ’ਤੇ ਜਥੇਬੰਦੀ ਦੇ ਆਗੂ ਅਤੇ ਮੈਂਬਰ ਰਾਖਵਾਂਕਰਨ ਨੀਤੀ, ਰੋਸਟਰ ਨੁਕਤੇ, ਵੱਖ-ਵੱਖ ਅਦਾਲਤੀ ਕੇਸਾਂ ਸਬੰਧੀ ਜਾਣੂ ਕਰਵਾਉਣ ਅਤੇ ਅਫ਼ਸਰਸ਼ਾਹੀ ਕੋਲ ਆਪਣੇ ਹੱਕਾਂ ਦੀ ਰਾਖੀ ਲਈ ਤੱਥਾਂ ਦੇ ਆਧਾਰ ’ਤੇ ਦਲੀਲ ਪੇਸ਼ ਕਰਨ ਆਦਿ ਮੁੱਦੇ ਵਿਚਾਰੇ ਗਏ। ਮੀਟਿੰਗ ਦੌਰਾਨ ਨਵੀਂ ਚੁਣੀ ਗਈ ‘ਆਪ’ ਸਰਕਾਰ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਨਵੀਂ ਸਰਕਾਰ ਰਾਖਵਾਂਕਰਨ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰ ਕੇ ਐਸਸੀ/ਬੀਸੀ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਇਨਸਾਫ਼ ਦੇਵੇਗੀ। ਜਥੇਬੰਦੀ ਵੱਲੋਂ 85ਵੀ ਸੰਵਿਧਾਨਕ ਸੋਧ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਦਰਜਾ ਚਾਰ ਸਮੇਤ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰਨ, ਲੈਕਚਰਾਰ ਦੀ ਸੀਨੀਆਰਤਾ ਸੂਚੀ ਨੂੰ ਸੋਧ ਕੇ ਜਾਰੀ ਕਰਨ ਸਮੇਤ ਸਕੂਲਾਂ ਅਤੇ ਕਾਲਜਾਂ ਦੀਆਂ ਫੀਸਾਂ ਘੱਟ ਕਰਨ ਅਤੇ ਵਜ਼ੀਫ਼ਾ ਘਪਲੇ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਬਲਵਿੰਦਰ ਸਿੰਘ ਲਤਾਲਾ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਕੈਂਥ, ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਹਰਬੰਸ ਲਾਲ ਅਹੀਰ, ਗੁਰਜੈਪਾਲ ਸਿੰਘ, ਦਰਸ਼ਨ ਸਿੰਘ ਡਾਂਗੋ, ਬਿਆਸ ਲਾਲ, ਭੁਪਿੰਦਰ ਸਿੰਘ ਅਤੇ ਹੋਰ ਆਗੂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…