Nabaz-e-punjab.com

ਐਸਸੀ ਕਮਿਸ਼ਨ ਵੱਲੋਂ ਐਸਐਸਪੀ ਮੁਹਾਲੀ ਨੂੰ ਹਲਫ਼ਨਾਮਾ ਦਾਇਰ ਦੇਣ ਦੇ ਹੁਕਮ

ਪੁਲੀਸ ਕੇਸ ਫਾਈਲ ’ਚੋਂ ਮੁੱਖ ਗਵਾਹ ਦੇ ਬਿਆਨ ਗਾਇਬ ਕਰਨ ਦਾ ਮਾਮਲਾ…

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਜ਼ਿਲ੍ਹਾ ਪੰਚਾਇਤ ਯੂਨੀਅਨ ਅਤੇ ਸਰਕਾਰੀ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਉੱਤੇ ਸਾਲ 2014 ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਹਮਲੇ ਸਬੰਧੀ ਪੁਲੀਸ ਸਟੇਸ਼ਨ ਫੇਜ਼-8 ਵਿਖੇ ਦਰਜ ਹੋਏ ਕੇਸ ਦੀ ਪੁਲੀਸ ਫਾਈਲ ’ਚੋਂ ਮੁੱਖ ਗਵਾਹ ਦੇ ਬਿਆਨ ਗਾਇਬ ਕਰਨ ਸਬੰਧੀ ਮਾਮਲੇ ਦੀ ਸੁਣਵਾਈ ਐਸਸੀ ਕਮਿਸ਼ਨ ਕੋਲ ਹੋਈ। ਕਮਿਸ਼ਨ ਕੋਲ ਡੀਜੀਪੀ ਦੇ ਹੁਕਮਾਂ ਉਪਰੰਤ ਪੇਸ਼ ਹੋਏ ਮੁਹਾਲੀ ਦੇ ਇਕ ਡੀਐਸਪੀ ਨੇ ਕਿਹਾ ਕਿ ਉਕਤ ਕੇਸ ਵਿਚ ਪੁਲਿਸ ਕਰਮਚਾਰੀ ਰਾਕੇਸ਼ ਕੁਮਾਰ ਕੋਈ ਕਾਰਵਾਈ ਬਣਦੀ ਹੀ ਨਹੀਂ। ਡੀਐਸਪੀ ਦੇ ਇਸ ਬਿਆਨ ਉਤੇ ਸਖ਼ਤ ਹੋਏ ਕਮਿਸ਼ਨ ਦੇ ਚੇਅਰਪਰਸਨ ਤਜਿੰਦਰ ਕੌਰ ਸਮੇਤ ਹੋਰਨਾਂ ਮੈਂਬਰਾਂ ਨੇ ਡੀਐਸਪੀ ਨੂੰ ਕਿਹਾ ਕਿ ਜੇਕਰ ਉਕਤ ਕੇਸ ਵਿਚ ਪੁਲਿਸ ਕਰਮਚਾਰੀ ਰਾਕੇਸ਼ ਕੁਮਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਬਣਦੀ ਹੈ ਤਾਂ ਐਸਐਸਪੀ ਮੁਹਾਲੀ 30 ਜਨਵਰੀ ਨੂੰ ਕਮਿਸ਼ਨ ਕੋਲ ਆਪਣਾ ਹਲਫੀਆ ਬਿਆਨ ਦੇਵੇ। ਇਹ ਜਾਣਕਾਰੀ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਸ੍ਰੀ ਕੁੰਭੜਾ ਨੇ ਦੱਸਿਆ ਕਿ ਸਾਲ 2014 ਵਿੱਚ ਉਸ ਉਤੇ ਹੋਏ ਹਮਲੇ ਉਪਰੰਤ ਕਾਫ਼ੀ ਸੰਘਰਸ਼ ਤੋਂ ਬਾਅਦ ਪੁਲਿਸ ਵੱਲੋਂ 25 ਮਈ 2014 ਨੂੰ ਥਾਣਾ ਫੇਜ਼-8 ਵਿਖੇ ਦਰਜ ਕੀਤੀ ਗਈ ਐਫ਼ਆਈਆਰ ਨੰਬਰ 72 ਵਾਲੇ ਕੇਸ ਵਿੱਚ ਉਸ ਸਮੇਂ ਦੇ ਏਐਸਆਈ ਰਾਕੇਸ਼ ਕੁਮਾਰ ਤਫ਼ਤੀਸ਼ੀ ਅਫ਼ਸਰ ਨੇ ਵਿਰੋਧੀ ਧਿਰ ਨਾਲ ਮਿਲੀਭੁਗਤ ਕਰਕੇ ਕੇਸ ਫਾਈਲ ’ਚੋਂ ਮੁੱਖ ਗਵਾਹ ਦੇ ਬਿਆਨ ਗਾਇਬ ਕਰ ਦਿੱਤੇ ਸਨ। ਦਿਲਚਸਪ ਗੱਲ ਇਹ ਸੀ ਕਿ ਜਿਹੜੇ ਬਿਆਨ ਏਐਸਆਈ ਨੇ ਫਾਈਲ ਵਿਚੋਂ ਗਾਇਬ ਕੀਤੇ ਸਨ, ਉਨ੍ਹਾਂ ਬਿਆਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਪਹਿਲਾਂ ਹੀ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਆਰਟੀਆਈ ਰਾਹੀਂ ਲਈਆਂ ਜਾ ਚੁੱਕੀਆਂ ਸਨ।
ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਰਕੇ ਸ਼ਿਕਾਇਤਕਰਤਾ ਨੇ ਰਾਕੇਸ਼ ਕੁਮਾਰ ਦੀ ਇਸ ਹਰਕਤ ਨੂੰ ਐਸਸੀ ਕਮਿਸ਼ਨ ਦੇ ਧਿਆਨ ਵਿੱਚ ਲਿਆਉਣ ਹਿੱਤ ਲਿਖਤੀ ਸ਼ਿਕਾਇਤ ਦਿੱਤੀ ਸੀ। ਕਮਿਸ਼ਨ ਨੇ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕਰਕੇ ਕੇਸ ਵਿਚ ਬਣਦੀ ਕਾਰਵਾਈ ਕਰਨ ਲਈ ਕਿਹਾ ਸੀ ਜੋ ਕਿ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਵੀ ਪੁਲੀਸ ਨੇ ਇਸ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ। ਪ੍ਰੇਸ਼ਾਨ ਹੋ ਕੇ ਕੁੰਭੜਾ ਨੇ 7 ਜਨਵਰੀ ਨੂੰ ਪੁਲੀਸ ਸਟੇਸ਼ਨ ਫੇਜ਼-8 ਦੇ ਸਾਹਮਣੇ ਡੀਜੀਪੀ ਦਾ ਪੁਤਲਾ ਫੂਕਣ ਦਾ ਐਲਾਨ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਹੋਈ ਕਿ ਪੁਲੀਸ ਨੇ ਆਪਣੇ ਪੁਲਿਸ ਕਰਮਚਾਰੀ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਬਜਾਇ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਕੁੰਭੜਾ ਦੇ ਹੀ ਘਰ ਬੀਤੀ 7 ਜਨਵਰੀ ਨੂੰ ਤੜਕੇ ਸਵੇਰੇ ਪਹੁੰਚ ਕੇ ਘਰ ਨੂੰ ਘੇਰਾ ਪਾ ਲਿਆ ਅਤੇ ਤਲਾਸ਼ੀ ਲਈ ਗਈ ਕੁੰਭੜਾ ਨੂੰ ਹੀ ਹਿਰਾਸਤ ਵਿਚ ਲੈਣ ਲਈ ਲੱਭਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਦਾ ਮਤਲਬ ਇਹ ਸੀ ਕਿ ਕੁੰਭੜਾ ਵੱਲੋਂ ਦਿੱਤੇ ਜਾਣ ਵਾਲੇ ਧਰਨੇ ’ਤੇ ਡੀਜੀਪੀ ਦਾ ਪੁਤਲਾ ਫੂਕਣ ਨੂੰ ਰੋਕਿਆ ਜਾ ਸਕੇ।
ਹੁਣ 16 ਜਨਵਰੀ ਨੂੰ ਐਸਸੀ ਕਮਿਸ਼ਨ ਕੋਲ ਕੇਸ ਦੀ ਹੋਈ ਸੁਣਵਾਈ ਦੌਰਾਨ ਡੀਐਸਪੀ ਨੇ ਕਹਿ ਦਿੱਤਾ ਕਿ ਰਾਕੇਸ਼ ਕੁਮਾਰ ਖਿਲਾਫ਼ ਕੇਸ ਵਿਚ ਕੋਈ ਕਾਰਵਾਈ ਬਣਦੀ ਹੀ ਨਹੀਂ ਤਾਂ ਸਖ਼ਤ ਹੋਏ ਕਮਿਸ਼ਨ ਨੇ ਹੁਕਮ ਜਾਰੀ ਕਰ ਦਿਤੇ ਕਿ 30 ਜਨਵਰੀ ਨੂੰ ਐਸਐਸਪੀ ਮੁਹਾਲੀ ਹਲਫ਼ੀਆ ਬਿਆਨ ਦੇਵੇ। ਇਸ ਮੌਕੇ ਹੈਰਾਨੀ ਜਤਾਉਂਦਿਆਂ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਲਖਵੀਰ ਸਿੰਘ ਬਡਾਲਾ, ਬਲਜੀਤ ਸਿੰਘ ਕਕਰਾਲੀ, ਲਖਵੀਰ ਸਿੰਘ ਖਰੜ, ਮਹਿੰਦਰ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੇਸ ਫਾਈਲ ’ਚੋਂ ਮੁੱਖ ਗਵਾਹ ਦੇ ਬਿਆਨ ਗਾਇਬ ਕਰਨ ਵਾਲੇ ਪੁਲੀਸ ਕਰਮਚਾਰੀ ਨੂੰ ਬਚਾਉਣ ਲਈ ਪੁਲੀਸ ਕਿੰਨੀ ਜ਼ਿਆਦਾ ਪੱਬਾਂ ਭਾਰ ਹੋਈ ਪਈ ਹੈ। ਪੁਲੀਸ ਦੀ ਇਸ ਹਰਕਤ ਤੋਂ ਇਹ ਅੰਦਾਜ਼ਾ ਲਗਾਉਣਾ ਸੌਖਾ ਹੈ ਕਿ ਪੁਲਿਸ ਹੋਰਨਾਂ ਕੇਸਾਂ ਵਿੱਚ ਵੀ ਆਮ ਲੋਕਾਂ ਕਿੰਨਾ ਕੁ ਇਨਸਾਫ਼ ਦਿੰਦੀ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…