
ਗ਼ੈਰ ਜ਼ਿੰਮੇਵਾਰਾਨਾ ਰਵੱਈਏ ਕਾਰਨ ਐਸਸੀ ਕਮਿਸ਼ਨ ਵੱਲੋ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦਾ ਡਾਇਰੈਕਟਰ ਤਲਬ
ਦਲਿਤ ਪਰਿਵਾਰਾਂ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਸਖ਼ਤ ਹੋਇਆ ਐਸ.ਸੀ. ਕਮਿਸ਼ਨ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਜੁਲਾਈ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦਲਿਤ ਵਰਗ ਦੇ ਲੋਕਾਂ ਨਾਲ ਵਧੀਕੀਆਂ ਵਿਰੁੱਧ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਵਿੱਚ ਦਲਿਤਾਂ ਨਾਲ ਵਧੀਕੀਆਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਬੀਤੇ ਦਿਨੀਂ ਕਮਿਸ਼ਨ ਨੇ ਜਿੱਥੇ ਦਲਿਤ ਬੱਚਿਆਂ ਨੂੰ ਹੁਣ ਤੱਕ ਕਿਤਾਬਾਂ ਮੁਹੱਈਆ ਨਾ ਕਰਵਾਉਣ ਕਾਰਨ ਸਿੱਖਿਆ ਬੋਰਡ ਅਤੇ ਭਲਾਈ ਬੋਰਡ ਦੀ ਚੰਗੀ ਕਲਾਸ ਲਗਾਈ ਹੈ, ਉਥੇ ਮੁਹਾਲੀ ਪੁਲੀਸ ਦੀਆਂ ਵਧੀਕੀਆਂ ਦੇ ਮਾਮਲੇ ਵਿੱਚ ਇੱਕ ਦਲਿਤ ਆਗੂ ਉੱਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਦੇ ਜਾਂਚ ਅਧਿਕਾਰੀ ਥਾਣੇਦਾਰ ਨੂੰ ਤਲਬ ਕਰਕੇ ਕੇਸ ਦੀ ਜਾਂਚ ਪੜਤਾਲ ਦੀ ਅਸਲ ਫਾਈਲ ਲੈ ਕੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਇਸੇ ਦੌਰਾਨ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਸ੍ਰੀਮਤੀ ਬਲਵੀਰ ਕੋਰ, ਪਤਨੀ ਸ੍ਰੀ ਅਮਰੀਕ ਸਿੰਘ, ਵਾਸੀ ਨਿਹਾਲ ਕੇ, ਜ਼ਿਲ੍ਹਾ ਫਿਰੋਜ਼ਪੁਰ ਦੀ ਸਿਕਾਇਤ ’ਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਮਿਤੀ 10-08-2017 ਨੂੰ ਨਿੱਜੀ ਪੱਧਰ ਤੇ ਕਮਿਸਨ ਸਾਹਮਣੇ ਰਿਪੋਰਟ ਪੇਸ਼ ਹੋਣ ਦੇ ਆਦੇਸ ਜਾਰੀ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਦੱਸਿਆ ਕਿ ਸਿਕਾਇਤ ਕਰਤਾ ਵਲੋਂ ਕਮਿਸਨ ਨੂੰ ਦੱਸਿਆ ਗਿਆ ਕਿ ਉਸ ਦੇ ਸਿਰ ਵਿੱਚ ਰਸੋਲੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਜਲੰਧਰ ਵਿੱਚ 7 ਸਤੰਬਰ, 2016 ਤੋਂ 20 ਸਤੰਬਰ, 2016 ਤੱਕ ਰੱਖਿਆ ਗਿਆ।
ਸਿਕਾਇਤ ਕਰਤਾ ਕੋਲ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮਾ ਦਾ ਕਾਰਡ ਹੋਣ ਦੇ ਬਾਵਜੂਦ ਹਸਪਤਾਲ ਵਲੋਂ 30,000 ਰੁਪਏ ਇਲਾਜ ਅਤੇ 5,000 ਰੁਪਏ ਦਵਾਈਆਂ ਵਾਸਤੇ ਵਸੂਲ ਕੀਤੇ ਗਏ। ਇਸ ਸਬੰਧ ਵਿੱਚ ਕਮਿਸ਼ਨ ਵਲੋ‘ 13 ਜੁਲਾਈ ਤੱਕ ਜਿੰਮੇਵਾਰ ਅਧਿਕਾਰੀ ਰਾਹੀ‘ ਰਿਪੋਰਟ ਮੰਗੀ ਸੀ ਪ੍ਰੰਤੂ ਵਾਰ ਵਾਰ ਯਾਦ ਪੱਤਰ ਭੇਜਣ ਦੇ ਬਾਵਜੂਦ ਡਾਇਰੈਕਟਰ, ਸਿਹਤ ਦਾ ਕੋਈ ਨੁਮਾਇੰਦਾ ਪੇਸ਼ ਨਹੀ ਹੋਇਆ ਅਤੇ ਨਾ ਹੀ ਰਿਪੋਰਟ ਪ੍ਰਾਪਤ ਹੋਈ ਜੋ ਕਿ ਡਾਇਰੈਕਟਰ, ਸਿਹਤ ਦਾ ਕਮਿਸ਼ਨ ਪ੍ਰਤੀ ਗੈਰ ਜਿੰਮੇਵਾਰਾਨਾ ਰਵੱਈਆ ਹੈ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਅਗਲੀ ਸੁਣਵਾਈ 10 ਅਗਸਤ, 2017 ਨੂੰ ਰੱਖੀ ਗਈ ਹੈ ਅਤੇ ਇਸ ਦੇ ਲਈ ਡਾਇਰੈਕਟਰ, ਸਿਹਤ ਨੂੰ ਨਿੱਜੀ ਤੌਰ ਤੇ ਕਮਿਸ਼ਨ ਅੱਗੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।