nabaz-e-punjab.com

ਪਿੰਡ ਝਿਊਰਹੇੜੀ ਦੇ ਵਿਕਾਸ ਲਈ ਆਈ ਰਕਮ ਵਿੱਚ ਹੋਈ ਕਥਿਤ ਘਪਲੇਬਾਜੀ ਦੀ ਜਾਂਚ ਕੀਤੀ ਜਾਵੇ: ਕੁੰਭੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੂਨ:
ਪੰਚਾਇਤ ਯੂਨੀਅਨ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੋਸ਼ ਲਗਾਇਆ ਹੈ ਕਿ ਪਿੰਡ ਝਿਊਰਹੇੜੀ ਦੀ ਅਕਵਾਇਰ ਕੀਤੀ ਜਮੀਨ ਲਈ ਰਿਲੀਜ ਹੋਈ ਕਰੋੜਾਂ ਰੁਪਏ ਦੀ ਰਕਮ ਵਿਚ ਕਥਿਤ ਘਪਲੇਬਾਜੀ ਹੋਈ ਹੈ, ਜਿਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਕੁੰਭੜਾ ਨੇ ਕਿਹਾ ਕਿ ਪਿੰਡ ਝਿਊਰਹੇੜੀ ਵਿੱਚ 306 ਕਿਲੇ ਜਮੀਨ ਏਅਰਪੋਰਟ ਅਥਾਰਿਟੀ ਵੱਲੋਂ ਅਕਵਾਇਰ ਕਰ ਲਏ ਗਏ ਸਨ, ਜਿਸ ਵਿਚ 50 ਕਿਲੇ ਸਿਵਲ ਪੰਚਾਇਤ ਦੇ ਵੀ ਸਨ। ਇਹਨਾਂ ਦੀ ਕੁਲ ਕੀਮਤ 54 ਕਰੋੜ 16 ਲੱਖ 87 ਹਜ਼ਾਰ 500 ਰੁਪਏ ਸੀ। ਉਹਨਾਂ ਦਸਿਆ ਕਿ ਜਮੀਨ ਅਕਵਾਇਰ ਹੋਣ ਤੋਂ ਬਾਅਦ ਇਹ ਰਕਮ ਡਾਇਰੈਕਟਰ ਪੰਚਾਇਤ ਨੂੰ ਭੇਜ ਦਿਤੀ ਗਈ। ਉਸ ਤੋਂ ਬਾਅਦ ਬੀ ਡੀ ਪੀ ਓ, ਡੀ ਡੀ ਪੀ ਓ ਅਤੇ ਹੋਰ ਅਧਿਕਾਰੀਆਂ ਨੇ ਪਿੰਡ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਰਕਮ ਡਾਇਰੈਕਟਰ ਪੰਚਾਇਤ ਤੋਂ ਰਿਲੀਜ ਕਰਵਾ ਲਈ।
ਸ੍ਰੀ ਕੁੰਭੜਾ ਨੇ ਦੋਸ਼ ਲਗਾਇਆ ਕਿ ਇਸ ਰਿਲੀਜ ਹੋਈ 25 ਕਰੋੜ ਦੀ ਰਕਮ ਦਾ ਪਿੰਡ ਵਾਸੀਆਂ ਨੂੰ ਕੋਈ ਵੀ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ। ਇਸ ਰਕਮ ਦਾ ਕੁਝ ਹਿਸਾ ਪਿੰਡ ਦੇ ਸੁਧਾਰ ਲਈ ਲਗਾਇਆ ਗਿਆ ਅਤੇ ਇਸ ਰਕਮ ’ਚੋਂ ਕਾਫੀ ਰਕਮ ਕਥਿਤ ਤੌਰ ਤੇ ਖੁਰਦ ਬੁਰਦ ਕਰ ਲਈ ਗਈ। ਉਹਨਾਂ ਕਿਹਾ ਕਿ ਪਿੰਡ ਦੇ ਕੁੱਝ ਵਿਅਕਤੀ ਆਪਣੀ ਜਮੀਨ ਦੀ ਸਥਿਤੀ ਜਾਨਣ ਸਬੰਧੀ ਡਾਇਰੈਕਟਰ ਪੰਚਾਇਤ ਕੋਲ ਗਏ ਸਨ ਪਰ ਡਾਇਰੈਕਟਰ ਪੰਚਾਇਤ ਨੇ ਉਹਨਾਂ ਨੂੰ ਬੁਰਾ ਭਲਾ ਕਹਿ ਕੇ ਵਾਪਸ ਭੇਜ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੇ ਇਹ ਮਾਮਲਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿਚ ਵੀ ਲਿਆਂਦਾ ਸੀ ਪਰ ਉਹਨਾਂ ਨੇ ਵੀ ਪਿੰਡ ਵਾਸੀਆਂ ਦੀ ਬਾਂਹ ਨਹੀਂ ਫੜੀ। ਉਹਨਾਂ ਦੋਸ਼ ਲਗਾਇਆ ਕਿ ਪਿੰਡ ਦੇ ਵਿਕਾਸ ਲਈ ਰਿਲੀਜ ਹੋਈ ਰਕਮ ਵਿਚੋੱ 5 ਕਰੋੜ ਰੁਪਏ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਠਿੰਡਾ ਭੇਜ ਦਿੱਤੀ ਸੀ ਜਿਥੇ ਕਿ ਸ੍ਰੀ ਮਲੂਕਾ ਦਾ ਬੇਟਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੈ। ਉਹਨਾਂ ਮੰਗ ਕੀਤੀ ਕਿ ਇਸ ਪੂਰੇ ਕਥਿਤ ਘਪਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ। ਇਸ ਮੌਕੇ ਗੁਰਨੈਬ ਸਿੰਘ, ਬਾਲ ਕ੍ਰਿਸਨ,ਬਹਾਦਰ ਸਿੰਘ, ਗੁਰਨਾਮ ਸਿੰਘ, ਹਰਬੰਸ ਸਿੰਘ ਢੋਲੇਵਾਲ ਜਨਰਲ ਸਕੱਤਰ ਡੈਮੋਕ੍ਰੇਟਿਵ ਸਵਰਾਜ ਪਾਰਟੀ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਮਨਦੀਪ ਸਿੰਘ ਕੁੰਬੜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…