
ਠੇਕਾ ਪ੍ਰਣਾਲੀ ਖ਼ਿਲਾਫ਼ ਸਫ਼ਾਈ ਮਜ਼ਦੂਰ 21 ਮਈ ਤੋਂ ਸ਼ੁਰੂ ਕਰਨਗੇ ਅਣਮਿਥੇ ਸਮੇਂ ਲਈ ਲੜੀਵਾਰ ਹੜਤਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਫ਼ਾਈ ਮਜ਼ਦੂਰਾਂ ਨੂੰ ਠੇਕੇਦਾਰਾਂ ਦੀ ਗੁਲਾਮੀ ’ਚੋਂ ਬਾਹਰ ਕੱਢਣ ਅਤੇ ਮੁਹਾਲੀ ਨਗਰ ਨਿਗਮ ਵੱਲੋਂ ਸਰਕਾਰੀ ਖਜਾਨੇ ਦੀ ਲੁੱਟ ਕਰਨ ਲਈ ਠੇਕੇਦਾਰਾਂ ਨੂੰ ਦਿੱਤੇ ਜਾ ਰਹੇ ਠੇਕੇ ਦੇ ਵਿਰੋਧ ਵਿੱਚ 21 ਮਈ ਤੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਇਸ ਸਬੰਧੀ ਫੈਸਲਾ ਅੱਜ ਇੱਥੇ ਵੱਖ-ਵੱਖ ਯੂਨੀਅਨਾਂ ਦੀ ਨਗਰ ਨਿਗਮ ਭਵਨ ਵਿਖੇ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ ਹੈ।
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਅਤੇ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਮੁਲਾਜ਼ਮਾਂ/ਮਜ਼ਦੂਰਾਂ ਦੇ ਭੀਸ਼ਮ ਪਿਤਾਮਾ ਕਹੇ ਜਾਣ ਵਾਲੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਆਪਣੀ ਜ਼ਿੰਦਗੀ ਵਿੱਚ 4 ਵਾਰੀ ਮਰਨ ਵਰਤ ਰੱਖ ਕੇ ਸਰਕਾਰ ਨੂੰ ਝੁਕਾਉਣ ਵਾਲੇ ਸੱਜਣ ਸਿੰਘ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਨ੍ਹਾਂ ਦੀ ਲੀਹ ’ਤੇ ਚੱਲਣ ਅਤੇ ਉਨ੍ਹਾਂ ਦੀ ਸੋਚ ਨੂੰ ਜਿੰਦਾ ਰੱਖਦਿਆਂ ਮੁਹਾਲੀ ਵਿੱਚ ਸਫ਼ਾਈ ਮਜ਼ਦੂਰਾਂ ਨੂੰ ਠੇਕੇਦਾਰਾਂ ਦੀ ਗੁਲਾਮੀ ’ਚੋਂ ਬਾਹਰ ਕੱਢਣ ਲਈ ਇਹ ਹੜਤਾਲ ਕੀਤੀ ਜਾਵੇਗੀ। ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਆਗੂ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਉਨ੍ਹਾਂ ਦੱਸਿਆ ਕਿ 2015 ਵਿੱਚ ਉਸ ਵੇਲੇ ਦੇ ਕਮਿਸ਼ਨਰ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਨਾਲ ਮਿਲ ਕੇ ਮੁਹਾਲੀ ਵਿੱਚ ਨਿੱਜੀ ਕੰਪਨੀ ਨੂੰ 5 ਸਾਲ ਦਾ ਇਕੱਠਾ ਠੇਕਾ ਦੇ ਕੇ ਸਫ਼ਾਈ ਕਾਮਿਆਂ ਨੂੰ 5 ਸਾਲ ਲਈ ਠੇਕੇਦਾਰਾਂ ਦਾ ਗੁਲਾਮ ਬਣਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਠੇਕਾ 15 ਜੂਨ ਨੂੰ ਖ਼ਤਮ ਹੋਣ ਵਾਲਾ ਹੈ ਪ੍ਰੰਤੂ ਮੁੜ ਤੋਂ ਕਮਿਸ਼ਨਰ/ਸਰਕਾਰ ਵੱਲੋਂ ਸਰਕਾਰੀ ਖਜਾਨੇ ਦੀ ਲੁੱਟ ਕਰਨ ਲਈ ਠੇਕੇਦਾਰਾਂ ਨੂੰ ਠੇਕਾ ਦੇਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇਹ ਕਾਰਵਾਈ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਮੰਗ ਕੀਤੀ ਕਿ ਸਮੂਹ ਸਫ਼ਾਈ ਕਾਮਿਆਂ ਦੀ ਸਿੱਧੀ ਭਰਤੀ ਕਰਕੇ ਕੰਮ ਲਿਆ ਜਾਵੇ ਅਤੇ ਸਰਕਾਰੀ ਖਜਾਨੇ ਦੀ ਲੁੱਟ ਨੂੰ ਰੋਕਣ ਲਈ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹੜਤਾਲ ਦੀ ਸੂਚਨਾ ਨੋਟਿਸ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਦਿੱਤੀ ਗਈ ਹੈ ਅਤੇ ਨਾਲ ਹੀ ਮੁਹਾਲੀ ਦੇ ਮੇਅਰ ਅਤੇ ਕਮਿਸ਼ਨਰ ਨੂੰ ਵੀ ਨੋਟਿਸ ਦੇ ਦਿੱਤਾ ਗਿਆ ਹੈ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਜਥੇਬੰਦੀ ਵੱਲੋਂ ਪੂਰੇ ਮੁਹਾਲੀ ਦੀ ਸਫ਼ਾਈ ਦਾ ਕੰਮ ਬੰਦ ਕਰਕੇ 21 ਮਈ ਤੋਂ ਅਣਮਿਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਮੁਹਾਲੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।
ਇਸ ਮੌਕੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਨਗਰ ਨਿਗਮ ਦੇ ਪ੍ਰਧਾਨ ਸੋਭਾ ਰਾਮ, ਡੋਰ ਟੂ ਡੋਰ ਗਾਰਬੇਜ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਾਵਰੀਆ, ਚੰਡੀਗੜ੍ਹ ਤੋਂ ਕਲਾਸ ਫੋਰ ਦੇ ਪ੍ਰਧਾਨ ਕ੍ਰਿਸ਼ਨ ਪ੍ਰਸ਼ਾਦ, ਸੂਬਾ ਵਿੱਤ ਸਕੱਤਰ ਚੰਦਨ ਸਿੰਘ ਸਮੇਤ ਹੋਰ ਕਈ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਸਨ।