
ਬਾਰ੍ਹਵੀਂ ਸ਼ੇ੍ਰਣੀ ਦੇ ਪ੍ਰਯੋਗੀ ਵਿਸ਼ਿਆਂ ਦੀ ਬਾਕੀ ਰਹਿੰਦੀ ਪ੍ਰੀਖਿਆਵਾਂ ਸਬੰਧੀ ਸ਼ਡਿਊਲ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਲਈ ਬਾਰ੍ਹਵੀਂ ਸ਼੍ਰੇਣੀ ਦੇ ਪ੍ਰਯੋਗੀ ਵਿਸ਼ਿਆਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਕਰਵਾਏ ਜਾਣ ਦਾ ਫੈਸਲਾ ਲਿਆ ਹੈ। ਬੋਰਡ ਨੇ ਇਨ੍ਹਾਂ ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਅੱਜ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ ਵੋਕੇਸ਼ਨਲ ਸਟਰੀਮ ਅਤੇ ਐੱਨਐੱਸਕਿਊਐੱਫ਼ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਪਹਿਲਾਂ ਹੀ ਕਰਵਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੀਆਂ ਰਹਿੰਦੀਆਂ ਪ੍ਰਯੋਗੀ ਪ੍ਰੀਖਿਆਵਾਂ ਜੋ ਕਿ ਕੋਵਿਡ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਨਹੀਂ ਕਰਵਾਈਆਂ ਜਾ ਸਕੀਆਂ ਸਨ। ਸਿੱਖਿਆ ਬੋਰਡ ਵੱਲੋਂ ਹੁਣ ਆਨਲਾਈਨ ਵਿਧੀ ਰਾਹੀਂ 15 ਜੂਨ ਤੋਂ 26 ਜੂਨ ਤੱਕ ਕਰਵਾਈਆਂ ਜਾਣਗੀਆਂ।
ਕੰਟਰੋਲਰ (ਪ੍ਰੀਖਿਆਵਾਂ) ਨੇ ਸਿੱਖਿਆ ਬੋਰਡ ਨਾਲ ਸਬੰਧਤ ਪੰਜਾਬ ਰਾਜ ਦੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਸੰਸਥਾਵਾਂ ਨਾਲ ਸਬੰਧਤ ਬਾਰ੍ਹਵੀਂ ਸ਼੍ਰੇਣੀ ਦੇ ਪ੍ਰੀਖਿਆਰਥੀਆਂ ਨੂੰ ਇਸ ਪ੍ਰੀਖਿਆ ਦੀਆਂ ਮਿਤੀਆਂ ਸਬੰਧੀ ਸੂਚਿਤ ਕਰ ਦੇਣ ਤਾਂ ਜੋ ਕੋਈ ਵੀ ਪ੍ਰੀਖਿਆਰਥੀ ਇਹ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਸੰਸਥਾ ਮੁਖੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਪ੍ਰਯੋਗੀ ਪ੍ਰੀਖਿਆ ਲੈਣ ਸਮੇਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਵਿਡ ਮਹਾਮਾਰੀ ਸਬੰਧੀ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਅਤੇ ਹਦਾਇਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ।