
ਵਜ਼ੀਫ਼ਾ ਘੁਟਾਲਾ: ਆਪ ਵਲੰਟੀਅਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ, ਪੁਤਲੇ ਸਾੜੇ
ਆਪ ਵਲੰਟੀਅਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ, ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਆਮ ਆਦਮੀ ਪਾਰਟੀ (ਆਪ) ਦੀ ਜ਼ਿਲ੍ਹਾ ਇਕਾਈ ਮੁਹਾਲੀ ਵੱਲੋਂ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਰਾਜ ਲਾਲੀ ਗਿੱਲ, ਜ਼ਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ ਅਤੇ ਵਿੱਤ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਦੀ ਅਗਵਾਈ ਹੇਠ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਆਪ ਵਲੰਟੀਅਰਾਂ ਨੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਥਿਤ ਦਾਗੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਮੰਤਰੀ ਮੰਡਲ ’ਚੋਂ ਲਾਂਭੇ ਕਰਨ ਦੀ ਮੰਗ ਕੀਤੀ। ਇਸ ਮੌਕੇ ਵਲੰਟੀਅਰਾਂ ਨੇ ਮੁੱਖ ਮੰਤਰੀ ਅਤੇ ਧਰਮਸੋਤ ਦੇ ਪੁਤਲੇ ਸਾੜੇ ਗਏ। ਬੁਲਾਰਿਆਂ ਨੇ ਵਣ ਨਿਗਮ ਵਿੱਚ ਹੋਈਆਂ ਕਥਿਤ ਗੜਬੜੀਆਂ-ਬੇਨਿਯਮੀਆਂ ਦੀ ਵੀ ਸਮਾਂਬੱਧ ਜੁਡੀਸ਼ਲ ਜਾਂਚ ਦੀ ਮੰਗ ਕੀਤੀ। ਆਪ ਵਲੰਟੀਅਰਾਂ ਨੇ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵਜ਼ੀਫ਼ਾ ਘੁਟਾਲੇ ਦੀ ਮੁੱਖ ਸਕੱਤਰ ਤੋਂ ਜਾਂਚ ਕਰਾਉਣ ਦੇ ਫੈਸਲੇ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਆਪਣੇ ਦਾਗੀ ਮੰਤਰੀ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਹੇ ਹਨ। ਇਹੀ ਕਾਰਨ ਹੈ ਕਿ ਸਰਕਾਰ ਨੇ ਇਸ ਘੁਟਾਲੇ ਦੀ ਪੜਤਾਲ ਕਿਸੇ ਕੌਮੀ ਜਾਂਚ ਏਜੰਸੀ ਨੂੰ ਸੌਂਪਣ ਦੀ ਬਜਾਏ ਮੁੱਖ ਸਕੱਤਰ ਨੂੰ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਕੋਲੋਂ ਆਪਣੇ ਮੁਤਾਬਕ ਜਾਂਚ ਰਿਪੋਰਟ ਤਿਆਰ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਧਰਮਸੋਤ ਦੇ ਪੰਜਾਬ ਕੈਬਨਿਟ ਵਿੱਚ ਬਣੇ ਰਹਿਣ ਕਾਰਨ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।
ਆਪ ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਦਲਿਤ ਵਿਦਿਆਰਥੀਆਂ ਲਈ ਕੇਂਦਰ ਦੀ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਹੋਏ ਘੁਟਾਲਿਆਂ ਦੀ ਜਾਂਚ ਦਾ ਦਾਇਰਾ ਸਾਲ 2012-13 ਤੱਕ ਵਧਾਇਆ ਜਾਵੇ ਕਿਉਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਇਸ ਸਕੀਮ ਵਿੱਚ ਕਥਿਤ 1200 ਕਰੋੜ ਤੋਂ ਵੀ ਵੱਧ ਘੁਟਾਲੇ ਹੋਏ ਸਨ, ਪ੍ਰੰਤੂ ਉਦੋਂ ਵੀ ਤਤਕਾਲੀ ਹੁਕਮਰਾਨਾਂ ਨੇ ਬਦਨਾਮੀ ਦੇ ਡਰੋਂ ਇਸ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਅਤੇ ਭ੍ਰਿਸ਼ਟਾਚਾਰੀ ਨਿਜ਼ਾਮ ਖ਼ਿਲਾਫ਼ ਲੋਕ ਅੰਦੋਲਨ ਲਈ ਕਿਸੇ ਵੀ ਹੱਦ ਤੱਕ ਜਾਵੇਗੀ।
ਇਸ ਮੌਕੇ ਸੀਨੀਅਰ ਆਗੂ ਕੁਲਜੀਤ ਸਿੰਘ ਰੰਧਾਵਾ, ਮਹਿਲਾ ਆਗੂ ਬਲਵਿੰਦਰ ਕੌਰ ਧਨੌੜਾ, ਕਿਸਾਨ ਵਿੰਗ ਦੇ ਆਗੂ ਹਰਨੇਕ ਸਿੰਘ, ਨਵਜੋਤ ਸਿੰਘ ਸੈਣੀ, ਯੂਥ ਵਿੰਗ ਦੇ ਆਗੂ ਜਗਦੇਵ ਸਿੰਘ ਮਲੋਆ, ਹਰਜੀਤ ਸਿੰਘ ਬੰਟੀ, ਸ੍ਰੀਮਤੀ ਸਵੀਟੀ ਸ਼ਰਮਾ, ਗੁਰਤੇਜ ਸਿੰਘ ਪੰਨੂ, ਗੁਰਮੇਜ ਸਿੰਘ ਕਾਹਲੋਂ, ਬੀਐਸ ਚਾਹਲ, ਪਰਮਿੰਦਰ ਸਿੰਘ ਗੋਲਡੀ, ਰਮੇਸ਼ ਸ਼ਰਮਾ ਡੇਰਾਬੱਸੀ, ਅਮਰੀਕ ਸਿੰਘ, ਪ੍ਰਭਜੋਤ ਕੌਰ, ਜਸਪਾਲ ਕਊਣੀ, ਗੋਵਿੰਦਰ ਮਿੱਤਲ, ਸਰਬਜੀਤ ਕੌਰ, ਡਾ. ਸਨੀ ਆਹਲੂਵਾਲੀਆ ਅਤੇ ਹੋਰ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਮੌਜੂਦ ਸਨ।