nabaz-e-punjab.com

ਬਕਾਇਆ ਵਜ਼ੀਫ਼ਿਆਂ ਨੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਡੋਬਿਆ- ਭਗਵੰਤ ਮਾਨ

ਕਾਲਜਾਂ ਨੇ ਸਰਟੀਫਿਕੇਟ ਰੋਕੇ, ਅੱਗੇ ਦਾਖ਼ਲੇ ਲੈਣ ਤੋਂ ਖੁੰਝ ਰਹੇ ਨੇ ਵਿਦਿਆਰਥੀ

ਦੋਸ਼-ਇੱਕ ਦੂਜੇ ‘ਤੇ ਠੀਕਰਾ ਭੰਨ ਰਹੀਆਂ ਨੇ ਕੈਪਟਨ ਤੇ ਮੋਦੀ ਸਰਕਾਰਾਂ

ਕੇਂਦਰ ਦੇ ਮਨੁੱਖੀ ਸਰੋਤ ਮੰਤਰੀ ਨੂੰ ਮਿਲਣਗੇ ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ ਚੰਡੀਗੜ੍ਹ, 16 ਸਤੰਬਰ:
ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਨੁਸੂਚਿਤ ਜਾਤੀ (ਐਸਸੀ) ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ਤਹਿਤ ਮਿਲਣ ਵਾਲੇ ਵਜ਼ੀਫ਼ਿਆਂ ਦੇ ਬਕਾਇਆ ਖੜੇ ਅਰਬਾਂ ਰੁਪਏ ਅਜੇ ਤੱਕ ਜਾਰੀ ਨਾ ਕੀਤੇ ਜਾਣ ਪਿੱਛੇ ਡੂੰਘੀ ਸਾਜ਼ਿਸ਼ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਵਰਗੀਆਂ ਰਿਵਾਇਤੀ ਪਾਰਟੀਆਂ ਨੇ ਕਦੇ ਨਹੀਂ ਚਾਹਿਆ ਕਿ ਗ਼ਰੀਬਾਂ ਅਤੇ ਦਲਿਤ ਸਮਾਜ ਦੇ ਬੱਚੇ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਖ਼ੁਦ ਖੜੇ ਹੋਣ। ਇਨ੍ਹਾਂ ਦੀ ਸ਼ੁਰੂ ਤੋਂ ਨੀਤੀ ਰਹੀ ਹੈ ਕਿ ਗਰੀਬ ਅਤੇ ਆਮ ਆਦਮੀ ਹੋਰ ਗਰੀਬ ਕੀਤਾ ਜਾਵੇ, ਕਿਉਂਕਿ ਗ਼ਰੀਬਾਂ ਅਤੇ ਆਮ ਲੋਕਾਂ ਨੂੰ ਇਹ ਆਪਣੀਆਂ ‘ਸਿਆਸੀ ਫ਼ੈਕਟਰੀਆਂ’ ਲਈ ਮਹਿਜ਼ ਕੱਚਾ ਮਾਲ ਸਮਝਦੀ ਹੈ, ਜਿਸ ਨੂੰ ਵੋਟਾਂ ਸਮੇਂ ਆਪਣੇ ਵੱਲ ਖਿੱਚਿਆ ਜਾ ਸਕੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਸੈਂਕੜੇ ਵਿਦਿਆਰਥੀ ਮਿਲਕੇ ਅਤੇ ਫੋਨਾਂ ਰਾਹੀਂ ਗੁਹਾਰ ਲਗਾਉਂਦੇ ਹਨ ਕਿ ਸੰਬੰਧਿਤ ਕਾਲਜਾਂ ਤੋਂ ਸਾਡੇ ਸਰਟੀਫਿਕੇਟ ਜਾਰੀ ਕਰਵਾਏ ਜਾਣ ਤਾਂ ਕਿ ਅਸੀਂ ਅਗਲੇਰੀ ਉੱਚ-ਵਿੱਦਿਆ ਲਈ ਦਾਖਲਾ ਲੈ ਸਕੀਏ।
ਭਗਵੰਤ ਮਾਨ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਦੀ ਬਦਨੀਤੀ ਨੇ ਲੱਖਾਂ ਵਿਦਿਆਰਥੀਆਂ ਦੇ ਨਾਲ-ਨਾਲ ਸੈਂਕੜੇ ਸਰਕਾਰੀ ਅਤੇ ਗੈਰ-ਸਰਕਾਰੀ ਕਾਲਜਾਂ-ਯੂਨੀਵਰਸਿਟੀਆਂ ਨੂੰ ਵੀ ਡੋਬ ਦਿੱਤਾ ਹੈ, ਕਿਉਂਕਿ ਸਰਕਾਰ ਵੱਲੋਂ ਸਕਾਲਰਸ਼ਿਪ ਲਈ ਸੰਬੰਧਿਤ ਕਾਲਜਾਂ ਯੂਨੀਵਰਸਿਟੀਆਂ ਨੂੰ ਫ਼ੰਡ ਹੀ ਨਹੀਂ ਜਾਰੀ ਕੀਤੇ ਜੋ 1000 ਕਰੋੜ ਰੁਪਏ ਤੋਂ ਜ਼ਿਆਦਾ ਹਨ। ਇਨ੍ਹਾਂ ‘ਚ ਪੰਜਾਬੀ ਯੂਨੀਵਰਸਿਟੀਆਂ ਅਤੇ ਦੂਸਰੀਆਂ ਸਰਕਾਰੀ ਯੂਨੀਵਰਸਿਟੀਆਂ ਤੇ ਸਰਕਾਰ ਪ੍ਰੋਫੈਸ਼ਨਲ ਕਾਲਜ ਵੀ ਸ਼ਾਮਲ ਹਨ।
ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਦਿੱਲੀ ਦੇ ਸਰਕਾਰੀ ਸਕੂਲ ਦੇਸ਼ ਦੇ ਸਭ ਤੋਂ ਵਧੀਆਂ ਸਕੂਲਾਂ ‘ਚ ਸ਼ੁਮਾਰ ਹੋ ਰਹੇ ਹਨ, ਦੂਜੇ ਪਾਸੇ ਪੰਜਾਬ ‘ਚ 141 ਵਾਅਦੇ ਪੂਰੇ ਕਰਨ ਦੇ ਅਖੌਤੀ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਕੂਲਾਂ-ਕਾਲਜਾਂ ‘ਚ ਅਧਿਆਪਕਾਂ ਅਤੇ ਸਟਾਫ਼ ਦੀ ਕਮੀ ਪੂਰਾ ਨਹੀਂ ਕਰ ਸਕੇ।
ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਛੇਤੀ ਹੀ ਕੇਂਦਰ ਦੇ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇਡਕਰ ਨਾਲ ਮੁਲਾਕਾਤ ਕਰਕੇ ਇਸ ਮਸਲੇ ਦੇ ਹੱਲ ਲਈ ਦਬਾਅ ਪਾਉਣਗੇ, ਕਿਉਂਕਿ ਗ਼ਰੀਬਾਂ-ਦਲਿਤਾਂ ਦੇ ਵਿਦਿਆਰਥੀਆਂ ਪ੍ਰਤੀ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਗੰਭੀਰ ਹੈ। ਮਾਨ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਪੋਸਟ ਮੈਟ੍ਰਿਕ ਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫ਼ੰਡ ਨਾ ਜਾਰੀ ਹੋਣ ਸੰਬੰਧੀ ਇੱਕ ਦੂਸਰੇ ਸਿਰ ਠੀਕਰਾ ਭੰਨ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…