
ਸਕੂਲ ਬੱਸ ਤੇ ਟਰਾਲੇ ਦੀ ਆਹਮੋ-ਸਾਹਮਣੇ ਟੱਕਰ, ਤਿੰਨ ਬੱਚਿਆਂ ਸਣੇ 6 ਗੰਭੀਰ ਜ਼ਖ਼ਮੀ
ਕ੍ਰਿਸ਼ਚੀਅਨ ਭਾਈਚਾਰੇ ਦੇ ਧਾਰਮਿਕ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਫੌਜੀ ਕਲੌਨੀ ਨੇੜੇ ਵਾਪਰਿਆ ਹਾਦਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਲਾਂਡਰਾਂ-ਬਨੂੜ ਸੜਕ ’ਤੇ ਸਥਿਤ ਪਿੰਡ ਫੌਜੀ ਕਲੌਨੀ ਨੇੜੇ ਸਕੂਲ ਬੱਸ ਅਤੇ ਘੋੜਾ ਟਰਾਲੇ ਦੀ ਆਹਮੋ-ਸਾਹਮਣੇ ਟੱਕਰ ਵਿੱਚ ਤਿੰਨ ਬੱਚਿਆਂ ਸਮੇਤ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਕ੍ਰਿਸ਼ਚੀਅਨ ਭਾਈਚਾਰੇ ਦੇ ਲੋਕ ਹੋਲੀ ਫੈਮਿਲੀ ਸਕੂਲ ਨਾਭਾ ਸਾਹਿਬ ਦੀ ਇੱਕ ਬੱਸ ਵਿੱਚ ਸਵਾਰ ਹੋ ਕੇ ਮੁਹਾਲੀ ਦੇ ਫੇਜ਼-9 ਵਿੱਚ ਹੋਏ ਧਾਰਮਿਕ ਸਮਾਗਮ ਤੋਂ ਬਾਅਦ 10 ਕੁ ਵਜੇ ਵਾਪਸ ਆ ਰਹੇ ਸਨ।
ਸਵਾਰੀਆਂ ਨਾਲ ਭਰੀ ਬੱਸ ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਸਮੇਂ ਫੌਜੀ ਕਲੌਨੀ ਦੇ ਸਾਹਮਣੇ ਪੁੱਜੀ ਤਾਂ ਸਾਹਮਣੇ ਆ ਰਹੇ ਘੋੜਾ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ। ਹਾਦਸਾ ਐਨਾ ਭਿਆਨਕ ਸੀ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣ ਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸੜਕ ਵੱਲ ਦੌੜ ਪਏ।
ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਜ਼ਖ਼ਮੀ ਬੱਸ ਸਵਾਰਾਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਇਸ ਹਾਦਸੇ ਵਿੱਚ ਖੂਨ ਨਾਲ ਲੱਥਪੱਥ ਤਿੰਨ ਬੱਚਿਆਂ ਸਮੇਤ 6 ਸਵਾਰੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਬਨੂੜ ਪੁਲੀਸ ਦੇ ਕਰਮਚਾਰੀ ਮੌਕੇ ’ਤੇ ਪੁੱਜੇ। ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ-32 ਅਤੇ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਜ਼ਖ਼ਮੀ ਸਵਾਰੀਆਂ ਦੀ ਪਛਾਣ ਬੱਸ ਚਾਲਕ ਨਰਿੰਦਰ ਸਿੰਘ ਵਾਸੀ ਪਿੰਡ ਰਾਏਪੁਰ ਕਲਾਂ (ਮੁਹਾਲੀ), ਸੂਬਾ ਸਿੰਘ (48), ਉਸਦੀ ਪਤਨੀ ਰਾਜ ਰਾਣੀ ਵਾਸੀ ਮਨੌਲੀ ਸੂਰਤ, ਕੁਨਾਲ (7), ਆਹਿਲ (10), ਸਮਰ (12) ਵਾਸੀ ਵਾਰਡ ਨੰਬਰ-3 ਬਨੂੜ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪੁਲੀਸ ਨੇ ਸੜਕ ਦੇ ਦੋਵੇਂ ਪਾਸੇ ਲੱਗੇ ਲੰਮੇ ਜਾਮ ਨੂੰ ਖੁਲ੍ਹਵਾ ਕੇ ਆਵਾਜਾਈ ਬਹਾਲ ਕਰਵਾਈ।
ਜਾਂਚ ਅਧਿਕਾਰੀ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕ੍ਰਿਸ਼ਚਨ ਭਾਈਚਾਰੇ ਦੇ ਲੋਕ ਜ਼ਖ਼ਮੀ ਹੋਏ ਹਨ ਜੋ ਬਨੂੜ ਨੇੜਲੇ ਪਿੰਡਾਂ ਦੇ ਵਸਨੀਕ ਹਨ ਅਤੇ ਮੁਹਾਲੀ ਵਿੱਚ ਭਾਈਚਾਰੇ ਦੇ ਸਮਾਗਮ ’ਚੋਂ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੀੜਤਾਂ ਦੇ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।