Nabaz-e-punjab.com

ਸਕੂਲ ਬੱਸ ਅਪਰੇਟਰ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਲਾਇਆ ਪੱਖਪਾਤ ਕਰਨ ਦਾ ਦੋਸ਼

ਕਿਹਾ ਛੋਟੇ ਹਾਥੀ, ਛੋਟੀਆਂ ਵੈਨਾਂ ਅਤੇ ਥ੍ਰੀ ਵ੍ਹੀਲਰ ਵਾਲੇ ਉੱਡਾ ਨੇ ਨਿਯਮਾਂ ਦੀਆਂ ਧੱਜੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਮੁਹਾਲੀ ਸਕੂਲ ਬੱਸ ਅਪਰੇਟਰ ਐਸੋਸੀਏਸ਼ਨ ਨੇ ਅੱਜ ਇੱਥੋਂ ਦੇ ਦਸਹਿਰਾ ਗਰਾਊਂਡ ਵਿੱਚ ਵਿਰੋਧ ਪ੍ਰਦਰਸ਼ਨ ਕਰਦਿਆਂ ਮੁਹਾਲੀ ਪ੍ਰਸ਼ਾਸਨ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ, ਮੀਤ ਪ੍ਰਧਾਨ ਗੁਰਸ਼ਰਨ ਸਿੰਘ, ਸਕੱਤਰ ਸੰਦੀਪ ਮਾਨ, ਵਧੀਕ ਸਕੱਤਰ ਰਾਮ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਤੇ ਹੋਰਨਾਂ ਵਿਅਕਤੀਆਂ ਨੇ ਸਕੂਲ ਬੱਸਾਂ ਦੇ ਚਲਾਨ ਕੱਟਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ ਹਨ। ਇਸ ਦੇ ਬਾਵਜੂਦ ਚੈਕਿੰਗ ਦੀ ਆੜ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਭਿਆਨਕ ਹਾਦਸਾ ਵਾਪਰਦਾ ਹੈ, ਉਦੋਂ ਹੀ ਪ੍ਰਸ਼ਾਸਨ ਨੂੰ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਯਾਦ ਆਉਂਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਢੋਅ-ਢੁਆਈ ਵਿੱਚ ਲੱਗੇ ਛੋਟੇ ਹਾਥੀ, ਛੋਟੀਆਂ ਵੈਨਾਂ ਅਤੇ ਥ੍ਰੀ ਵ੍ਹੀਲਰ ਵਾਲੇ ਹੀ ਸਰਕਾਰੀ ਨੇਮਾਂ ਦੀ ਉਲੰਘਣਾ ਕਰ ਰਹੇ ਹਨ। ਇਨ੍ਹਾਂ ਵਾਹਨਾਂ ਨਾ ਤਾਂ ਚਾਲਕ ਨੇ ਵਰਦੀ ਪਹਿਨੀ ਹੁੰਦੀ ਹੈ ਅਤੇ ਨਾ ਹੀ ਸੀਸੀਟੀਵੀ ਕੈਮਰੇ ਅਤੇ ਅੌਰਤ ਕਲੀਨਰ ਦੀ ਵਿਵਸਥਾ ਹੈ। ਫਿਰ ਵੀ ਇਹ ਵਾਹਨ ਸ਼ਰ੍ਹੇਆਮ ਸੜਕਾਂ ’ਤੇ ਦੌੜ ਰਹੇ ਹਨ। ਇਨ੍ਹਾਂ ਵਾਹਨਾਂ ’ਤੇ ਪ੍ਰਸ਼ਾਸਨ ਦੀ ਨਜ਼ਰ ਨਹੀਂ ਜਾਂਦੀ ਹੈ ਪ੍ਰੰਤੂ ਸਕੂਲ ਬੱਸਾਂ ਵਾਲਿਆਂ ਨੂੰ ਬਿਨਾ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਸ੍ਰੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਅੱਜ ਉਹ ਇਕ ਫੋਟੋ ਜਰਨਲਿਸਟ ਨੂੰ ਲੈ ਕੇ ਸ਼ਹਿਰ ਦੇ ਇਕ ਨਾਮੀ ਸਕੂਲ ਦੇ ਬਾਹਰ ਪਹੁੰਚੇ ਤਾਂ ਫੋਟੋ ਗਰਾਫ਼ਰ ਨੂੰ ਦੇਖ ਕੇ ਇਕ ਥ੍ਰੀ ਵ੍ਹੀਲਰ ਵਾਲਾ ਬੱਚਿਆਂ ਨੂੰ ਸੜਕ ’ਤੇ ਛੱਡ ਕੇ ਉੱਥੋਂ ਖਿਸਕ ਗਿਆ। ਬਾਅਦ ਵਿੱਚ ਸਕੂਲ ਸਟਾਫ਼ ਨੇ ਬੱਚਿਆਂ ਦੇ ਮਾਪਿਆਂ ਨਾਲ ਫੋਨ ’ਤੇ ਗੱਲ ਕਰਕੇ ਉਨ੍ਹਾਂ ਨੂੰ ਸਕੂਲ ਸੱਦਿਆ। ਇਸ ਤੋਂ ਬਾਅਦ ਬੱਚੇ ਆਪਣੇ ਘਰ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਕੂਲ ਬੱਸਾਂ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਉਹ ਇਨਸਾਫ਼ ਪ੍ਰਾਪਤੀ ਲਈ ਉੱਚ ਅਦਾਲਤ ਦਾ ਬੂਹਾ ਖੜਕਾਉਣਗੇ।
ਉਧਰ, ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਨੇ ਸਕੂਲ ਬੱਸ ਅਪਰੇਟਰ ਯੂਨੀਅਨ ਵੱਲੋਂ ਪੱਖਪਾਤ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੇਮਾਂ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…