ਅਧਿਆਪਕਾਂ ਦੀਆਂ ਬਦਲੀਆਂ ਵਿਰੁੱਧ ਸੜਕਾਂ ’ਤੇ ਉੱਤਰੇ ਸਕੂਲ ਮਾਸਟਰ ਤੇ ਸਮਾਜ ਸੇਵੀ ਸੰਸਥਾਵਾਂ

ਚੰਗੇ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਨਵੀਂ ਤਬਾਦਲਾ ਨੀਤੀ ਵਿੱਚ ਛੋਟ ਦੇਣ ਦੀ ਮੰਗ

ਮੁਲਾਜ਼ਮ ਲਹਿਰ ਦੇ ਮੋਢੀ ਰਹੇ ਸੁੱਚਾ ਸਿੰਘ ਖੱਟੜਾ ਦੀ ਅਗਵਾਈ ਵਿੱਚ ਸਿੱਖਿਆ ਸਬ-ਕਮੇਟੀ ਦਾ ਗਠਨ

ਪੰਚਾਇਤ ਯੂਨੀਅਨ ਤੇ ਮੁਲਾਜ਼ਮ ਜਥੇਬੰਦੀਆਂ ਦਾ ਵਫ਼ਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਸਿੱਖਿਆ ਵਿਭਾਗ ਪੰਜਾਬ ਦੀ ਨਵੀਂ ਤਬਾਦਲਾ ਨੀਤੀ ਵਿਰੁੱਧ ਅਧਿਆਪਕ ਸੜਕਾਂ ’ਤੇ ਉੱਤਰ ਆਏ ਹਨ। ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਅਤੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲੀ ਸਿੱਖਿਆ ਦੇ ਸੁਧਾਰਾਂ ਦੀ ਆੜ ਵਿੱਚ ਰੈਸ਼ਨੇਲਾਈਜ਼ੇਸ਼ਨ ਵਿੱਚ ਕੁਝ ਸੋਧਾਂ ਕਰਕੇ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਨਵੀਂ ਤਬਾਦਲਾ ਨੀਤੀ ਘੜੀ ਗਈ ਹੈ। ਜਿਸ ਦੇ ਤਹਿਤ ਸੱਤ ਸਾਲ ਦੀ ਤਾਇਨਾਤੀ ਮਗਰੋਂ ਅਧਿਆਪਕਾਂ ਦੀ ਦੂਜੇ ਸਕੂਲਾਂ ਵਿੱਚ ਬਦਲੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ।
ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਦੇ ਆਗੂਆਂ ਸੁਖਵਿੰਦਰ ਸਿੰਘ ਚਾਹਲ, ਕੁਲਦੀਪ ਸਿੰਘ ਦੌੜਕਾ ਅਤੇ ਸੁਰਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਜ਼ਿਆਦਾਤਰ ਅਧਿਆਪਕਾਂ ਨੇ ਆਪਣੀ ਤਾਇਨਾਤੀ ਦੌਰਾਨ ਸਬੰਧਤ ਸ਼ਹਿਰਾਂ ਵਿੱਚ ਪਲਾਟ ਖਰੀਦ ਕੇ ਮਕਾਨ ਬਣਾ ਕੇ ਪਰਿਵਾਰਾਂ ਨਾਲ ਰਹਿ ਰਹੇ ਹਨ ਲੇਕਿਨ ਹੁਣ ਸਿੱਖਿਆ ਵਿਭਾਗ ਨੇ ਸੱਤ ਸਾਲਾਂ ਬਾਅਦ ਬਦਲੀ ਕਰਨ ਦਾ ਫਾਰਮੂਲਾ ਤਿਆਰ ਕਰ ਲਿਆ ਹੈ। ਜੋ ਸਰਾਸਰ ਅਧਿਆਪਕ ਮਾਰੂ ਫੈਸਲਾ ਹੈ। ਉਧਰ, ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਵਫ਼ਦ ਨੇ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕਰਕੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ’ਤੇ 7 ਸਾਲਾਂ ਦੀ ਸ਼ਰਤ ਲਾਗੂ ਨਾ ਕਰਨ ਲਈ ਅਧਿਆਪਕਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਛੋਟ ਦਿੱਤੀ ਜਾਵੇ। ਇਨ੍ਹਾਂ ਵਿੱਚ ਬਦਲੀ ਲਈ ਨਿਰਧਾਰਿਤ 75 ਫੀਸਦੀ ਤੋਂ ਵੱਧ ਅੰਕਾਂ ਵਾਲੇ ਸਟੇਟ ਅਤੇ ਕੌਮੀ ਐਵਾਰਡੀ ਅਧਿਆਪਕਾਂ ’ਤੇ ਇਹ ਸ਼ਰਤ ਲਾਗੂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ੋਨ 5 ਵਿੱਚ ਅਧਿਆਪਕਾਂ ਦੀ ਘਾਟ ਨੂੰ ਦੇਖਦਿਆਂ ਇਸ ਜ਼ੋਨ ਵਿੱਚ ਸੇਵਾਭਾਵਨਾ ਨਾਲ ਕੰਮ ਕਰਦੇ ਅਧਿਆਪਕਾਂ ਨੂੰ ਬਦਲੀਆਂ ਤੋਂ ਛੋਟ ਦਿੱਤੀ ਜਾਵੇ ਅਤੇ ਰੈਸ਼ਨੇਲਾਈਜ਼ੇਸ਼ਨ ਵਿੱਚ ਸਭ ਤੋਂ ਘੱਟ ਨਤੀਜਿਆਂ ਵਾਲੇ ਅਧਿਆਪਕਾਂ ਜਾਂ ਗੰਭੀਰ ਕਿਸਮ ਦੀਆਂ ਸ਼ਿਕਾਇਤ ਵਾਲੇ ਅਧਿਆਪਕਾਂ ਦੀ ਹੀ ਬਦਲੀ ਕੀਤੀ ਜਾਵੇ।
ਸ੍ਰੀ ਮਾਵੀ ਨੇ ਦੱਸਿਆ ਕਿ ਸਰਕਾਰੀ ਸਿੱਖਿਆ ਤੰਤਰ ਦਾ ਬਹੁਤਾ ਸਬੰਧ ਪੇਂਡੂ ਸਕੂਲਾਂ ਨਾਲ ਹੈ। ਇਸ ਸਬੰਧੀ ਜਥੇਬੰਦੀ ਨੇ ਮੁਲਾਜ਼ਮ ਲਹਿਰ ਦੇ ਮੋਢੀ ਰਹੇ ਸੁੱਚਾ ਸਿੰਘ ਖੱਟੜਾ ਦੀ ਅਗਵਾਈ ਵਿੱਚ ਸਿੱਖਿਆ ਸਬ-ਕਮੇਟੀ ਬਣਾਈ ਗਈ ਹੈ, ਜੋ ਕਿ ਪੇਂਡੂ ਸਕੂਲਾਂ ਵਿੱਚ ਸਿੱਖਿਆ ਸੁਧਾਰਾਂ ਲਈ ਸਰਕਾਰ ਨੂੰ ਸੁਝਾਅ ਦੇਵੇਗੀ। ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਜਥੇਬੰਦੀ ਦੀ ਮੰਗ ਨੂੰ ਜਾਇਜ਼ ਦੱਸਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਅਤੇ ਭਾਵਨਾਵਾਂ ਬਾਰੇ ਸਰਕਾਰ ਨੂੰ ਜਾਣੂ ਕਰਵਾਇਆ ਜਾਵੇਗਾ। ਸਿੱਖਿਆ ਸਕੱਤਰ ਨੂੰ ਮਿਲੇ ਵਫ਼ਦ ਵਿੱਚ ਸੁੱਚਾ ਸਿੰਘ ਖੱਟੜਾ, ਕੁਲਵੰਤ ਕੌਰ, ਗੁਰਚਰਨ ਸਿੰਘ ਰਡਿਆਲਾ ਅਤੇ ਸੁਰਜੀਤ ਸਿੰਘ ਢੇਰ ਵੀ ਹਾਜ਼ਰ ਸਨ।
(ਬਾਕਸ ਆਈਟਮ)
ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਾੜੇ ਨਤੀਜਿਆਂ ਲਈ ਸਿਰਫ਼ ਅਧਿਆਪਕਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਅਕਸਰ ਪੇਂਡੂ ਏਰੀਆ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਜਦੋਂ ਕਿਸੇ ਰਿਸ਼ੇਤੇਦਾਰੀ ਵਿੱਚ ਵਿਆਹ ਜਾਂ ਕੋਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਜਾਂਦੇ ਹਨ ਤਾਂ ਉਹ ਕਈ ਕਈ ਸਕੂਲ ਹੀ ਨਹੀਂ ਆਉਂਦੇ। ਜਿਸ ਕਾਰਨ ਅਜਿਹੇ ਬੱਚੇ ਪੜ੍ਹਾਈ ਵਿੱਚ ਪਛੜ ਜਾਂਦੇ ਹਨ। ਜਿਸ ਕਾਰਨ ਸਕੂਲਾਂ ਦੇ ਨਤੀਜੇ ਵੀ ਪ੍ਰਭਾਵਿਤ ਹੁੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…