ਸਕੂਲ ਵੈਨ ਹਾਦਸਾ: ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਮਦਦਗਾਰ ਕਰਨਬੀਰ ਨੂੰ ਇੱਕ ਲੱਖ ਦਾ ਇਨਾਮ

ਪਿੰਡ ਮੁਹਾਵਾ ਦੇ ਦੋ ਪੁਲਾਂ ਦੀ ਮੁਰੰਮਤ ਲਈ 10 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 31 ਜਨਵਰੀ:
ਅਟਾਰੀ ਦੇ ਨੇੜੇ ਪਿੰਡ ਮੁਹਾਵਾ ਸਥਿਤ 20 ਸਤੰਬਰ 2016 ਨੂੰ ਡਿਫੈਂਸ ਡਰੇਨ ਵਿੱਚ ਸਕੂਲ ਵੈਨ ਡਿੱਗਣ ਸਮੇਂ ਬੱਚਿਆਂ ਦੀ ਜਾਨ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ (17) ਦੀ ਬਹਾਦਰੀ ਦੀ ਪਛਾਣ ਕਰਦਿਆਂ ਅੱਜ ਪਿੰਡ ਗੱਲੂਵਾਲ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਕੋਲੋਂ ਇਨਾਮ ਵਜੋਂ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਪੁਲਾਂ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਸ੍ਰੀ ਸਿੱਧੂ ਪਿੰਡ ਮੁਹਾਵਾ ਸਥਿਤ 20 ਸਤੰਬਰ 2016 ਨੂੰ ਵਾਪਰੇ ਹਾਦਸਾ ਗਰਿਹਸਤ ਪੁਲ ਦਾ ਦੌਰਾ ਕੀਤਾ ਅਤੇ ਇਸ ਹਾਦਸੇ ਦੌਰਾਨ ਸਕੂਲੀ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੇ ਲੜਕੇ ਕਰਨਬੀਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਿੰਡ ਗੱਲੂਵਾਲ ਗਏ। ਉਨ੍ਹਾਂ ਕਰਨਬੀਰ ਤੇ ਉਸਦੇ ਪਰਿਵਾਰ ਨੂੰ ਮਿਲ ਕੇ ਸ਼ੁਭ ਇਛਾਵਾਂ ਦਿੱਤੀਆਂ।
ਸ੍ਰੀ ਸਿੱਧੂ ਨੇ ਕਿਹਾ ਕਿ ਲੜਕਾ ਕਰਨਬੀਰ ਸਿੰਘ ਇੱਕ ਰੋਲ ਮਾਡਲ ਹੈ ਜੋ ਹੋਰਨਾਂ ਨੂੰ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਬੱਚੇ ਨੇ ਹੌਂਸਲਾ ਵਿਖਾ ਕੇ ਸਾਥੀ ਬੱਚਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਪ੍ਰਾਪਤ ਕਰਕੇ ਪੰਜਾਬ ਨੂੰ ਮਾਣ ਦੁਆਇਆ। ਉਨ੍ਹਾਂ ਕਿਹਾ ਕਿ ਇਸ ਨਿੱਕੇ ਹੀਰੋ ਨੂੰ ਮਿਲਣ ਦਾ ਸਨਮਾਨ ਪ੍ਰਾਪਤ ਹੋਇਆ ਹੈ। ਜਿਸ ਬਹਾਦਰ ਹੀਰੋ ਨੇ ਬੱਚਿਆਂ ਦੀ ਜਾਨ ਬਚਾਈ ਉਸਨੂੰ ਮਿਲਣ ਦੀ ਇੱਛਾ ਸੀ, ਜੋ ਮਿਲ ਕੇ ਪੂਰੀ ਹੋਈ ਹੈ। ਪਿੰਡ ਮੁਹਾਵਾ ਦੇ ਲੋਕਾਂ ਨੇ ਸ੍ਰੀ ਸਿੱਧੂ ਨੂੰ ਦੱਸਿਆ ਕਿ ਪਿੰਡ ਮੁਹਾਵਾ ਦੇ ਬਾਹਰਵਾਰ ਇੱਕ ਹੋਰ ਪੁਲ ਹੈ ਜੋ ਮਾੜੀ ਹਾਲਤ ਵਿੱਚ ਹੈ ਤਾਂ ਸ੍ਰੀ ਸਿੱਧੂ ਨੇ ਮੌਕੇ ਤੇ ਹੀ ਦੂਜੇ ਪੁਲ ਦੀ ਮੁਰੰਮਤ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਸਿੱਧੂ ਦੇ ਘਰ ਆਉਣ ਤੇ ਵੇਖ ਕੇ ਖੁਸ਼ ਹੋਏ ਕਰਨਬੀਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਬਹਾਦਰੀ ਪੁਰਸਕਾਰ ਹਾਸਿਲ ਕਰਨਾ ਉਸ ਲਈ ਬੜੇ ਮਾਣ ਵਾਲੀ ਗੱਲ ਹੈ। ਉਸਨੇ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਛੋਟੀ ਜਿਹੀ ਉਮਰ ਵਿੱਚ ਏਨਾ ਮਾਣ ਮਿਲੇਗਾ।
ਇਸ ਮੌਕੇ ਉਸਨੇ ਤੇ ਉਸ ਦੇ ਘਰਦਿਆਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਡਿਫੈਂਸ ਡਰੇਨ ਦੇ ਪੁਲ ਤੋਂ ਐਮਕੇਡੀ ਡੀਏਵੀ ਪਬਲਿਕ ਸਕੂਲ ਨੇਸ਼ਟਾ ਦੇ ਬੱਚਿਆਂ ਨਾਲ ਭਰੀ ਸਕੂਲ ਵੈਨ ਪੁਲ ਤੋਂ ਹੇਠਾਂ ਪਾਣੀ ਵਿੱਚ ਡਿੱਗ ਜਾਣ ਕਾਰਨ 7 ਬੱਚਿਆਂ ਦੀ ਮੌਤ ਹੋਈ ਸੀ ਜਦੋਂ ਕਿ ਸਕੂਲ ਵੈਨ ਵਿੱਚ 35 ਬੱਚੇ ਸਵਾਰ ਸਨ। ਇਸ ਮੌਕੇ ਕਰਨਬੀਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਗੱਲੂਵਾਲ ਗਿਆਰਵੀਂ ਜਮਾਤ ਦਾ ਵਿਦਿਆਰਥੀ ਸੀ। ਵਿਦਿਆਰਥੀ ਕਰਨਬੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਵੈਨ ਵਿੱਚ ਬੈਠੇ ਪਾਣੀ ਵਿੱਚ ਡੁੱਬ ਰਹੇ ਨੰਨੇ-ਮੁੰਨੇ ਬੱਚਿਆਂ ਦੀ ਜਾਨ ਬਚਾਈ ਸੀ। ਇਸ ਸਮੇਂ ਕਰਨਬੀਰ ਸਿੰਘ ਬਾਰਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ। ਇਸ ਬਹਾਦਰੀ ਦਿਖਾਉਣ ਵਾਲੇ ਕਰਨਬੀਰ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਬਹਾਦਰੀ ਪੁਰਸਕਾਰ ਮਿਲ ਚੁੱਕਾ ਹੈ। ਇਸ ਮੌਕੇ ਪਿੰਡ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …