
ਪੰਜਾਬ ਵਿੱਚ 7 ਮਹੀਨਿਆਂ ਬਾਅਦ 19 ਅਕਤੂਬਰ ਤੋਂ ਖੁੱਲ੍ਹਣਗੇ ਸਕੂਲ
ਕਰੋਨਾ ਤੋਂ ਬਚਾਅ ਲਈ ਆਨਲਾਈਨ ਸਿੱਖਿਆ ਹੀ ਸਭ ਤੋਂ ਅਹਿਮ ਤਰੀਕਾ: ਕ੍ਰਿਸ਼ਨ ਕੁਮਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਬੀਤੀ 12 ਅਕਤੂਬਰ ਦੇ ਹੁਕਮਾਂ ਦੀ ਰੌਸ਼ਨੀ ਵਿੱਚ ਸਿੱਖਿਆ ਵਿਭਾਗ ਨੇ ਪੰਜਾਬ ਵਿੱਚ 19 ਅਕਤੂਬਰ ਤੋਂ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤਾਂ ਲਈ ਸਕੂਲ ਖੋਲ੍ਹਣ ਬਾਰੇ ਹਦਾਇਤਾਂ ਜਾ ਕੀਤੀਆਂ ਗਈਆਂ ਹਨ। ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਵੀ ਅਹਿਮ ਮੰਨੀ ਜਾਵੇਗੀ। ਵਿਦਿਆਰਥੀ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਹੀ ਸਕੂਲ ਆ ਸਕਣਗੇ।
ਇਸ ਸਬੰਧੀ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਸਕੂਲ ਮੁਖੀਆਂ ਨੂੰ ਲੰਮਾ ਚੌੜਾ ਪੱਤਰ ਲਿਖਿਆ ਗਿਆ ਹੈ। ਜਿਸ ਦਾ ਉਤਾਰਾ ਅਗਲੀ ਕਾਰਵਾਈ ਲਈ ਡੀਜੀਐਸਈ, ਡੀਪੀਆਈ (ਸੈਕੰਡਰੀ/ਐਲੀਮੈਂਟਰੀ), ਐਸਸੀਈਆਰਟੀ ਦੇ ਡਾਇਰੈਕਟਰ ਸਮੇਤ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜਿਆ ਗਿਆ ਹੈ। ਸਾਰੇ ਸਕੂਲਾਂ ਅਤੇ ਹੋਸਟਲਾਂ ਦੀ ਚੰਗੀ ਤਰ੍ਹਾਂ ਨਾਲ ਸਫ਼ਾਈ ਦੇ ਨਾਲ-ਨਾਲ ਸੈਨੇਟਾਈਜਰ ਕਰਨਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਨਵੀਆਂ ਸ਼ਰਤਾਂ ਨਾਲ ਸਕੂਲ ਵਿੱਚ ਆਉਣ ਵਾਲੇ ਵਿਦਿਆਰਥੀਆਂ ਤੋਂ ਗੇਟ ਤੇ ਮਾਪਿਆਂ ਦੀ ਲਿਖਤੀ ਸਹਿਮਤੀ ਵਾਲੀ ਚਿੱਠੀ ਦੇਖਣ ਉਪਰੰਤ ਹੀ ਵਿਦਿਆਰਥੀ ਨੂੰ ਸਕੂਲ ਗੇਟ ਤੋਂ ਅੰਦਰ ਜਾਣ ਦਿੱਤਾ ਜਾਵੇਗਾ।
ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਕਰੋਨਾ ਮਹਾਮਾਰੀ ਪੀਰੀਅਡ ਦੌਰਾਨ ਸਕੂਲੀ ਬੱਚਿਆਂ ਨੂੰ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ ਕਿਉਂਕਿ ਕਰੋਨਾ ਤੋਂ ਬਚਾਅ ਲਈ ਆਨਲਾਈਨ ਸਿੱਖਿਆ ਹੀ ਸਭ ਤੋਂ ਅਹਿਮ ਤਰੀਕਾ ਹੈ। ਜਿਹੜੇ ਸਕੂਲ ਆਨਲਾਈਨ ਕਲਾਸਾਂ ਲਗਾ ਰਹੇ ਹਨ ਅਤੇ ਜਿਹੜੇ ਵਿਦਿਆਰਥੀ ਸਕੂਲ ਆ ਕੇ ਪੜ੍ਹਨ ਦੀ ਇੱਛਾ ਨਹੀਂ ਰੱਖਦੇ ਹਨ ਤਾਂ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਖੋਲ੍ਹੇ ਜਾ ਰਹੇ ਹਨ, ਉਹ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ। ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਆਪਣੇ ਫੋਨ ’ਤੇ ਕੋਵਾ ਐਪ ਡਾਊਨ ਕਰਨ ਲਈ ਵੀ ਕਿਹਾ ਹੈ। ਸਕੂਲਾਂ ਵਿੱਚ ਪੀਣ ਵਾਲੇ ਪਾਣੀ ਵਰਤੋਂ ਅਤੇ ਹੱਥ ਧੋਣ ਵਾਲੇ ਪਾਣੀ ਦੀ ਵਰਤੋਂ ਲਈ ਪੈਰ ਨਾਲ ਅਪਰੇਟ ਹੋਣ ਵਾਲੀ ਤਕਨੀਕ ਵਰਤੀ ਜਾਵੇ। ਇਸ ਤੋਂ ਇਲਾਵਾ ਪੈਰਾਂ ਨਾਲ ਖੁੱਲ੍ਹਣ ਵਾਲੇ ਡਸਟਬੀਨ ਵਰਤੇ ਜਾਣ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ।
ਸਿੱਖਿਆ ਸਕੱਤਰ ਨੇ ਸਕੂਲ ਸਟਾਫ਼ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪਣੇ ਕੋਲ ਸਬੰਧਤ ਇਲਾਕੇ ਦੇ ਸਿਹਤ ਅਧਿਕਾਰੀਆਂ ਦੇ ਸੰਪਰਕ ਨੰਬਰ ਨੋਟ ਕਰਕੇ ਰੱਖਣ ਤਾਂ ਜੋ ਐਮਰਜੈਂਸੀ ਵੇਲੇ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ।