ਬੁੱਤਸਾਜ ਨੇ ਸੰਗਤ ਲਈ ਖੋਲ੍ਹਿਆ ਸਿੱਖ ਅਜਾਇਬਘਰ ਮੁਹਾਲੀ

ਪਹਿਲੇ ਦਿਨ ਟਾਂਵੇਂ ਟਾਂਵੇਂ ਲੋਕ ਹੀ ਦਰਸ਼ਨ ਦੀਦਾਰ ਕਰਨ ਆਏ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਬੁੱਤਸਾਜ ਪਰਵਿੰਦਰ ਸਿੰਘ ਨੇ ਸਿੱਖ ਅਜਾਇਬਘਰ ਮੁਹਾਲੀ ਅੱਜ ਸੰਗਤ ਲਈ ਖੋਲ੍ਹ ਦਿੱਤਾ ਹੈ। ਪਹਿਲੇ ਦਿਨ ਟਾਂਵੇਂ ਟਾਂਵੇਂ ਲੋਕ ਹੀ ਸ਼ਹੀਦ ਸਿੰਘਾਂ ਅਤੇ ਸੂਰਬੀਰ ਯੋਧਿਆਂ ਦੇ ਦਰਸ਼ਨ ਦੀਦਾਰ ਕਰਨ ਲਈ ਆਏ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੀ ਮਹਾਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਰਫਿਊ\ਲੌਕਡਾਊਨ ਲਾਗੂ ਕੀਤਾ ਗਿਆ। ਬੁੱਤਸਾਜ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੀਤੀ 22 ਮਾਰਚ ਨੂੰ ਸਿੱਖ ਅਜਾਇਬਘਰ ਬੰਦ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਗਾਈਡਲਾਈਨਜ਼ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਫਿਜੀਕਲ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਬੰਧੀ 6-6 ਫੁੱਟ ਦੇ ਫਰਕ ਨਾਲ ਗੋਲ ਚੱਕਰ ਬਣਾਏ ਗਏ ਹਨ। ਮਾਸਕ ਪਾ ਕੇ ਸੰਗਤ ਨੂੰ ਸਿੱਖ ਅਜਾਇਬ ਘਰ ਵਿੱਚ ਆਉਣ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੇਟ ਦੇ ਬਾਹਰ ਸੈਨੇਟਾਈਜਰ ਨਾਲ ਹੱਥ ਸਾਫ਼ ਕਰ ਕੇ ਅੰਦਰ ਦਾਖ਼ਲ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਅਜਾਇਬ ਘਰ ਵਿੱਚ ਆ ਕੇ ਸਿੰਘ ਸ਼ਹੀਦਾਂ ਦੇ ਦਰਸ਼ਨ ਦੀਦਾਰ ਕਰਨ ਵਾਲੀ ਸੰਗਤ ਤੋਂ ਕੋਈ ਫੀਸ ਵੀ ਨਹੀਂ ਲਈ ਜਾ ਰਹੀ ਹੈ।
ਬੁੱਤਸਾਜ ਨੇ ਦੱਸਿਆ ਕਿ ਉਸ ਨੇ 1990 ਵਿੱਚ ਸ਼ੌਂਕੀਆਂ ਤੌਰ ’ਤੇ ਇਕ ਸਕਿਉਰਿਟੀ ਗਾਰਡ ਦਾ ਬੁੱਤ ਬਣਾਇਆ ਸੀ। ਦਹਾਕੇ ਬਾਅਦ ਉਸਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਤਿਆਰ ਕੀਤਾ ਸੀ। ਲੋਕਾਂ ਦੀ ਹੌਸਲਾ ਅਫਜਾਈ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਪਿੰਡ ਲਖਨੌਰ ਵਿੱਚ ਆਪਣੇ ਇਸ ਸ਼ੌਕ ਨੂੰ ਪੱਕੇ ਪੈਰੀ ਕਿੱਤੇ ਵਜੋਂ ਅਪਨਾ ਲਿਆ ਪ੍ਰੰਤੂ 2009 ਵਿੱਚ ਅਚਾਨਕ ਜ਼ਮੀਨ ਮਾਲਕ ਨੇ ਥਾਂ ਖਾਲੀ ਕਰਨ ਦਾ ਨੋਟਿਸ ਭੇਜ ਦਿੱਤਾ। ਉਪਰੰਤ ਉੱਘੇ ਸਮਾਜ ਸੇਵੀ ਤਰਲੋਚਨ ਸਿੰਘ ਮਾਨ ਨੇ ਬੁੱਤਸਾਜ ਨੂੰ ਤਰਸ ਦੇ ਆਧਾਰ ’ਤੇ ਆਰਜ਼ੀ ਤੌਰ ’ਤੇ ਮੁਹਾਲੀ-ਬਲੌਂਗੀ ਦੀ ਸਾਂਝੀ ਹੱਦ ਨਾਲ ਪੰਚਾਇਤੀ ਜ਼ਮੀਨ ’ਚੋਂ ਦੋ ਕਨਾਲ ਰਕਬੇ ਵਿੱਚ ਸਿੱਖ ਅਜਾਇਬਘਰ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਸੀ। ਪਰਵਿੰਦਰ ਨੇ ਹਿੰਮਤ ਕਰਕੇ ਇਸ ਬੇਆਬਾਦ ਥਾਂ ’ਤੇ ਲੋਹੇ ਦੀਆਂ ਚਾਦਰਾਂ ਖੜ੍ਹੀਆਂ ਕਰਕੇ ਸਾਰਾ ਸਮਾਨ ਸ਼ਿਫ਼ਟ ਕਰਕੇ ਹੌਲੀ-ਹੌਲੀ ਸਿੱਖ ਅਜਾਇਬਘਰ ਸਥਾਪਿਤ ਕਰ ਦਿੱਤਾ।
18 ਜਨਵਰੀ 2010 ਨੂੰ ਤਤਕਾਲੀ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਮਿਊਜ਼ੀਅਮ ਦਾ ਉਦਘਾਟਨ ਕੀਤਾ ਅਤੇ ਬੁੱਤਸਾਜ ਦੀ ਸ਼ਲਾਘਾ ਕਰਦੇ ਹੋਏ ਮੁਹਾਲੀ ਵਿੱਚ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਕਿਸੇ ਨੇ ਅਜਾਇਬਘਰ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦਾ ਯਤਨ ਨਹੀਂ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…