
ਐਸਡੀਐਮ ਵੱਲੋਂ ਮਾਇਓ ਹੈਲਥ-ਕੇਅਰ ਨਸ਼ਾ ਛਡਾਊ ਕੇਂਦਰ ਦਾ ਅਚਨਚੇਤ ਨਿਰੀਖਣ, ਮਨੋਰੋਗੀ ਡਾਕਟਰ ਗੈਰ ਹਾਜ਼ਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਸ੍ਰੀਮਤੀ ਸਰਬਜੀਤ ਕੌਰ ਦੀ ਅਗਵਾਈ ਹੇਠ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਅਤੇ ਸਰਕਾਰੀ ਹਸਪਤਾਲ ਦੇ ਮਨੋਰੋਗੀ ਡਾਕਟਰ ਡਾ. ਗੁਰਮੁੱਖ ਸਿੰਘ ਦੀ ਵਿਸ਼ੇਸ਼ ਟੀਮ ਵੱਲੋਂ ਅੱਜ ਇੱਥੋਂ ਦੇ ਸੈਕਟਰ-69 ਸਥਿਤ ਮਾਇਓ ਹੈਲਥ-ਕੇਅਰ ਵਿਚਲੇ ਨਸ਼ਾ ਛਡਾਊ ਕੇਂਦਰ ਦਾ ਅਚਨਚੇਤ ਦੌਰਾ ਕੀਤਾ। ਐਸਡੀਐਮ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਮਾਇਓ ਹੈਲਥਕੇਅਰ, ਨਸ਼ਾ ਛਡਾਊ ਕੇਂਦਰ ਸੈਕਟਰ-69 ਦੇ ਅਚਨਚੇਤ ਨਿਰੀਖਣ ਦੌਰਾਨ ਮਨੋਰੋਗੀ ਡਾਕਟਰ ਹਾਜ਼ਰ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਦੇ ਦੱਸਣ ਮੁਤਾਬਕ ਉਹ ਚਾਰ ਦਿਨਾਂ ਤੋਂ ਉਨ੍ਹਾਂ ਨੂੰ ਦੇਖਣ ਨਹੀਂ ਆਏ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਨਸ਼ਾ ਛਡਾਊ ਕੇਂਦਰ ਦੇ ਵਾਰਡ ਅਤੇ ਬੁਨਿਆਦੀ ਢਾਂਚੇ ਦੀ ਹਾਲਤ ਵੀ ਵਧੀਆ ਨਹੀਂ ਸੀ ਅਤੇ ਰਸੋਈ ਵਿੱਚ ਵੀ ਸਾਫ਼-ਸਫ਼ਾਈ ਦਾ ਉਚਿੱਤ ਪ੍ਰਬੰਧ ਨਹੀਂ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਮੌਕੇ ’ਤੇ ਮੌਜੂਦ ਸਟਾਫ਼ ਵੀ ਨਸ਼ਾ ਛਡਾਊ ਕੇਂਦਰ ਬਾਰੇ ਲੋੜੀਂਦਾ ਰਿਕਾਰਡ ਮੁਹੱਈਆ ਕਰਵਾਉਣ ਵਿੱਚ ਅਸਮਰੱਥ ਰਿਹਾ। ਐਸਡੀਐਮ ਵੱਲੋਂ ਹਾਜ਼ਰ ਸਟਾਫ਼ ਨੂੰ ਲੋੜੀਂਦੇ ਸੁਧਾਰ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।