ਐਸਡੀਐਮ ਸ੍ਰੀਮਤੀ ਬਰਾੜ ਵੱਲੋਂ ਨਿਊ ਸੰਨੀ ਇਨਕਲੇਵ ਵਿੱਚ ਇਮੀਗਰੇਸ਼ਨ ਕੰਪਨੀ ਦੇ ਦਫ਼ਤਰ ਵਿੱਚ ਛਾਪੇਮਾਰੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਜੁਲਾਈ:
ਨਿਊ ਸੰਨੀ ਇਨਕਲੇਵ ਸੈਕਟਰ 125 ਖਰੜ ਵਿਖੇ ਇੱਕ ਇਮੀਗ੍ਰੇਸ਼ਨ ਕੰਪਨੀ ਵਿਰੁੱਧ ਸ਼ਿਕਾਇਤ ਮਿਲਣ ਤੋਂ ਬਾਅਦ ਐਸਡੀਐਮ ਅਤੇ ਡੀਐਸਪੀ ਵੱਲੋਂ ਛਾਪਾ ਮਾਰਿਆ ਗਿਆ ਅਤੇ ਕੰਪਨੀ ਕੋਲ ਕੋਈ ਮਾਨਤਾ ਪ੍ਰਾਪਤ ਸਰਟੀਫਿਕੇਟ ਨਾ ਹੋਣ ਕਾਰਨ ਕੰਪਨੀ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ। ਇਸ ਮੌਕੇ ਐਸਡੀਐਮ ਅਮਨਿੰਦਰ ਕੌਰ ਬਰਾੜ ਵੱਲੋਂ ਦੀ ਵੈਸਟ ਕੌਸਟ ਕੰਪਨੀ ਵਿੱਚ ਮੌਜੂਦ ਕੰਪਨੀ ਦੇ ਮੁਲਾਜ਼ਮਾਂ ਨੂੰ ਕੰਪਨੀ ਦੇ ਮਾਲਕ ਨੂੰ ਬੁਲਾਉਣ ਲਈ ਕਿਹਾ ਅਤੇ ਸਰਕਾਰ ਵੱਲੋਂ ਮਿਲੀ ਮਾਨਤਾ ਪ੍ਰਾਪਤ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਕਾਗਜ ਮੰਗੇ ਗਏ ਪਰ ਮੌਕੇ ਤੇ ਨਾ ਤਾਂ ਇਸ ਕੰਪਨੀ ਨੂੰ ਚਲਾਉਣ ਵਾਲਾ ਮਾਲਕ ਆਇਆ ਅਤੇ ਨਾ ਹੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਈ ਸਰਟੀਫਿਕੇਟ ਵਿਖਾਇਆ ਗਿਆ। ਕੁੱਝ ਸਮਾਂ ਇੰਤਜਾਰ ਤੋਂ ਬਾਅਦ ਐਸਡੀਐਮ ਅਮਨਿੰਦਰ ਕੌਰ ਬਰਾੜ ਵੱਲੋਂ ਡੀਸੀ ਦਫ਼ਤਰ ਤੋਂ ਦੀ ਵੈਸਟ ਕੌਸਟ ਇਮੀਗ੍ਰੇਸ਼ਨ ਨੂੰ ਮਾਨਤਾ ਪ੍ਰਾਪਤ ਹੋਣ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਜਿਸ ਤੋਂ ਪਤਾ ਚਲਿਆ ਕਿ ਇਸ ਕੰਪਨੀ ਨੂੰ ਅਜੇ ਤੱਕ ਕੋਈ ਮਾਨਤਾ ਪ੍ਰਾਪਤ ਨਹੀਂ ਹੋਈ।
ਇਸ ਉਪਰੰਤ ਇਸ ਇੰਮੀਗ੍ਰੇਸ਼ਨ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋੱ ਬਾਅਦ ਐਸਡੀਐਮ ਦੀ ਅਗਵਾਈ ਵਿੱਚ ਪ੍ਰਸ਼ਾਸ਼ਨ ਦੀ ਟੀਮ ਵੱਲੋਂ ਇੱਕ ਹੋਰ ਇੰਮੀਗ੍ਰੇਸਨ ਕੰਪਨੀ ਅਕੈਡਮਿਕ ਪਾਰਟਨਰ ਦੀ ਵੀ ਚੈਕਿੰਗ ਕੀਤੀ ਗਈ। ਇਸ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਟੀਮ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦਿਖਾ ਦਿੱਤੇ ਗਏ। ਇਸ ਮੌਕੇ ਐਸਡੀਐਮ ਅਮਨਿੰਦਰ ਕੌਰ ਨੇ ਇਮੀਗ੍ਰੇਸ਼ਨ ਕੰਪਨੀ ਦੇ ਰਿਕਾਰਡ ਦੀ ਜਾਂਚ ਲਈ ਖਰੜ ਦੇ ਐਸਐਚਓ ਨੂੰ ਹੁਕਮ ਦਿੱਤੇ।
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਐਸਡੀਐਮ ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਉਹਨਾਂ ਕੋਲ ਐਸ ਐਸ ਪੀ ਮੁਹਾਲੀ ਵਲੋੱ ਦੀ ਵੈਸਟ ਕੋਸਟ ਇੰਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਸ਼ਿਕਾਇਤ ਮਾਰਕ ਹੋ ਕੇ ਆਈ ਸੀ ਜਿਸ ਉਤੇ ਅੱਜ ਡੀ ਐਸ ਪੀ ਦੀਪਕਮਲ ਦੇ ਨਾਲ ਮਿਲ ਕੇ ਨਿਉ ਸੰਨੀ ਇਨਕਲੇਵ ਵਿਖੇ ਗੈਰ ਕਾਨੂੰਨੀ ਤਰੀਕੇ ਨਾਲ ਚਲ ਰਹੀ ਇਸ ਕੰਪਨੀ ਤੇ ਛਾਪਾ ਮਾਰਿਆ ਗਿਆ ਅਤੇ ਕੰਪਨੀ ਦੇ ਦਫਤਰ ਨੂੰ ਸੀਲ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਵਸਨੀਕ ਕੋਟਕਪੁਰਾ ਜਿਲ੍ਹਾ ਫਰੀਦਕੋਟ ਨੇ ਐਸਐਸਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਟੀ ਵੀ ਉਪਰ ਇਸਤਿਹਾਰ ਦੇਖ ਕੇ ਇਸ ਇੰਮੀਗ੍ਰੇਸ਼ਨ ਕੰਪਨੀ ਨਾਲ ਆਪਣੇ ਬੱਚਿਆਂ ਦੀਪਕੰਵਲ ਕੌਰ, ਖੁਸ਼ਲਵੀਰ ਸਿੰਘ ਦੇ ਸਕੂਲਿੰਗ ਵੀਜੇ ਲਈ ਸੰਪਰਕ ਕੀਤਾ ਸੀ। ਇਸ ਮੌਕੇ ਕੰਪਨੀ ਵਿੱਚ ਮੌਜੁੂਦ ਮਹਿਲਾ ਵਰਕਰਾਂ ਨੇ ਉਸ ਨੂੰ ਅਤੇ ਉਸਦੀ ਪਤਨੀ ਨੂੰ ਵੀ ਕੈਨੇਡਾ ਭੇਜਣ ਲਈ ਸਬਜਬਾਗ ਦਿਖਾਏ ਅਤੇ ਇਸਦਾ ਖਰਚਾ 6 ਲੱਖ ਰੁਪਏ ਦੱਸਿਆ। ਇਸ ਤੋਂ ਇਲਾਵਾ ਚਾਲੀ ਹਜ਼ਾਰ ਰੁਪਏ ਫਾਈਲ ਖਰਚਾ ਦੱਸਿਆ। ਬਾਅਦ ਵਿੱਚ ਉਸ ਨੂੰ ਪੰਜ ਲੱਖ ਰੁਪਏ ਫੀਸ ਭਰਨ ਅਤੇ 20 ਲੱਖ ਰੁਪਏ ਉਸ ਨੂੰ ਆਪਣੇ ਖਾਤੇ ਵਿਚ ਜਮਾਂ ਦਿਖਾਉਣ ਲਈ ਕਿਹਾ ਗਿਆ। ਉਸ ਨੇ ਲਿਖਿਆ ਹੈ ਕਿ ਉਸਨੇ ਵੀਹ ਹਜਾਰ ਰੁਪਏ ਇਹਨਾਂ ਨੂੰ ਨਗਦ ਅਤੇ ਵੀਹ ਹਜਾਰ ਰੁਪਏ ਇਨ੍ਹਾਂ ਦੇ ਬੈਂਕ ਖਾਤੇ ਵਿੱਚ ਪਾ ਦਿੱਤੇ। ਫਿਰ ਜੂਨ 2018 ਦੀ ਸੁਰੂਆਤ ਵਿੱਚ ਹੀ ਅਠਤਾਲੀ ਹਜਾਰ ਰੁਪਏ ਹੋਰ ਇਹਨਾਂ ਨੂੰ ਦਿੱਤੇ। ਉਹਨਾਂ ਲਿਖਿਆ ਹੈ ਕਿ ਬਾਅਦ ਵਿੱਚ ਉਸ ਨੂੰ ਪਤਾ ਚਲਿਆ ਕਿ ਇਸ ਇੰਮੀਗਰੇਸ਼ਨ ਕੰਪਨੀ ਕੋਲ ਮਾਨਤਾ ਪ੍ਰਾਪਤ ਸਰਟੀਫਿਕੇਟ ਹੀ ਨਹੀਂ ਹੈ। ਜਿਸ ਕਰਕੇ ਉਸਨੇ ਆਪਣੇ ਪੈਸੇ ਵਾਪਸ ਮੰਗੇ ਪਰ ਕੰਪਨੀ ਨੇ ਉਸਦੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਜਿਸ ਕਰਕੇ ਉਸਨੇ ਪੈਸੇ ਵਾਪਸ ਲੈਣ ਲਈ ਪੁਲੀਸ ਨੂੰ ਸ਼ਿਕਾਇਤ ਕੀਤੀ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…