ਐਸਡੀਐਮ ਵੱਲੋਂ ਮੀਟਿੰਗ ਵਿੱਚੋਂ ਗ਼ੈਰ ਹਾਜ਼ਰ ਅਧਿਕਾਰੀਆਂ ਦੀ ਝਾੜਝੰਬ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਅਧਿਕਾਰੀ ਬਿਨਾਂ ਪ੍ਰਵਾਨਗੀ ਸਟੇਸ਼ਨ ਛੱਡ ਕੇ ਨਾ ਜਾਵੇ: ਸ੍ਰੀਮਤੀ ਬਰਾੜ

ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਜਨਵਰੀ:
ਵਿਧਾਨ ਸਭਾ ਹਲਕਾ ਖਰੜ ਦੀ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਵਿੱਚ ਚੋਣਾਂ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਵਿੱਚ ਅਧਿਕਾਰੀ ਚੋਣ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਸਟੇਸ਼ਨ ਛੱਡ ਕੇ ਨਹੀਂ ਜਾ ਸਕਣਗੇ। ਇਹੀ ਨਹੀਂ ਲੋਕਾਂ ਦੀ ਸਹੂਲਤ ਲਈ ਅਧਿਕਾਰੀ ਆਪਣਾ ਮੋਬਾਈਲ ਵੀ 24 ਘੰਟੇ ਖੁੱਲ੍ਹਾ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਬਿਨਾਂ ਪ੍ਰਵਾਨਗੀ ਤੋਂ ਸਟੇਸ਼ਨ ਛੱਡਦੇ ਹਨ ਜਾਂ ਉਨ੍ਹਾਂ ਦਾ ਮੋਬਾਈਲ ਬੰਦ ਪਾਇਆ ਜਾਂਦਾ ਹੈ ਤਾਂ ਸਬੰਧਤ ਦੇ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਤੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਜਾਵੇਗਾ।
ਸ੍ਰੀਮਤੀ ਬਰਾੜ ਅੱਜ ਆਪਣੇ ਦਫ਼ਤਰ ਵਿੱਚ ਖਰੜ ਹਲਕੇ ਵਿੱਚ ਆਦਰਸ਼ ਕੋਡ ਲਾਗੂ ਕਰਨ ਲਈ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅੱਜ ਵੀ ਕਈ ਅਧਿਕਾਰੀਆਂ ਦੇ ਮੀਟਿੰਗ ਵਿਚ ਸ਼ਾਮਲ ਨਾ ਹੋਣ ਤੇ ਉਨ੍ਹਾਂ ਵੱਲੋਂ ਭੇਜੇ ਕਰਮਚਾਰੀਆਂ ਦੀ ਝਾੜਝੰਬ ਕੀਤੀ ਅਤੇ ਹਦਾਇਤ ਕੀਤੀ ਜੇਕਰ ਅਗਲੀ ਮੀਟਿੰਗ ਵਿਚ ਅਧਿਕਾਰੀ ਸ਼ਾਮਲ ਨਾ ਹੋਏ ਤਾਂ ਜਿਲ੍ਹਾ ਚੋਣ ਅਫਸਰ,ਐਸ.ਏ.ਐਸ.ਨਗਰ ਨੂੰ ਅਗਲੀ ਕਾਰਵਾਈ ਲਈ ਲਿਖ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਧਾਨ ਸਭਾ ਹਲਕਾ ਵਿੱਚ ਪੋਲਿੰਗ ਬੂਥਾਂ ਲਈ ਤਾਇਨਾਤ ਕੀਤੇ ਗਏ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੋਲਿੰਗ ਬੂਥਾਂ ਦੀ ਰਿਪੋਰਟ ਉਨ੍ਹਾਂ ਦੇਣ ਕਿ ਉਥੇ ਸਾਰੀਆਂ ਸੁਵਿਧਾਵਾਂ ਉਪਲਬਧ ਹਨ ਅਤੇ ਸੜਕਾਂ ਦੇ ਆਲੇ ਦੁਆਲੇ ਬਿਜਲੀ ਖੰਭਿਆਂ,ਦਰਖੱਤਾਂ, ਸਰਕਾਰੀ ਇਮਾਰਤਾਂ ਤੇ ਉਮੀਦਵਾਰਾਂ ਦੇ ਫਲੈਕਸ ਬੋਰਡ,ਬੈਨਰ,ਪੋਸਟਰ ਲੱਗੇ ਹੋਏ ਹਨ। ਉਨ੍ਹਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਅਣ ਅਧਿਕਾਰਤ ਫਲੈਕਸ, ਬੋਰਡ, ਬੈਨਰ ਅਤੇ ਪੋਸਟਰ ਉਤਾਰ ਕੇ ਰੋਜ਼ਾਨਾ 4 ਵਜੇ ਤੋਂ ਪਹਿਲਾਂ ਪਹਿਲਾਂ ਐਸਡੀਐਮ ਦੇ ਦਫ਼ਤਰ ਨੂੰ ਸੂਚਨਾ ਭੇਜੀ ਜਾਵੇ।
ਮੀਟਿੰਗ ਵਿੱਚ ਸਹਾਇਕ ਰਿਟਰਨਿੰਗ ਅਫ਼ਸਰ ਗੁਰਮੰਦਰ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਸਿੰਘ ਧੂਤ, ਐਕਸੀਅਨ ਐਸ.ਐਸ.ਬੈਂਸ, ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਦਿਲਾਵਰ ਕੌਰ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹਰਜੀਤ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਮ.ਐਸ.ਵਾਲੀਆ, ਗੁਰਵਿੰਦਰ ਸਿੰਘ ਐਸਡੀਓ ਕੁਰਾਲੀ, ਨਿਧੀ ਸੈਣੀ ਏ.ਈ.ਸਬਅਰਬਨ ਖਰੜ, ਰਾਜੇਸ਼ ਕੁਮਾਰ ਕੁਰਾਲੀ, ਅਮਰਜੀਤ ਸਿੰਘ ਨਵਾਂ ਗਰਾਓਂ, ਧਰਮਿੰਦਰ ਕੁਮਾਰ, ਸੁਪਰਵਾਈਜ਼ਰ ਹੋਰ ਅਧਿਕਾਰੀਆਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…