ਵਿਜੀਲੈਂਸ ਬਿਊਰੋ ਵੱਲੋਂ ਗਿੱਦੜਬਾਹਾ ਕੌਂਸਲ ਦਾ ਐਸਡੀਓ, 2 ਜੇਈ ਤੇ ਕਲਰਕ 60 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ

ਕਪੂਰਥਲਾ ਵਿੱਚ ਬਿਜਲੀ ਬੋਰਡ ਦਾ ਐਸਡੀਓ ਤੇ ਜੂਨੀਅਰ ਇੰਜੀਨੀਅਰ 9 ਹਜ਼ਾਰ ਰਿਸ਼ਵਤ ਲੈਂਦੇ ਹੋਏ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਗਿੱਦੜਬਾਹਾ, 8 ਫਰਵਰੀ:
ਪੰਜਾਬ ਵਿਜੀਲੈਂਸ ਬਿਊਰੋ (ਉਡਣ ਦਸਤਾ-1) ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਆਰੰਭੀ ਮੁਹਿੰਮ ਦੇ ਤਹਿਤ ਅੱਜ ਨਗਰ ਕੌਂਸਲ ਗਿੱਦੜਬਾਹਾ ਦੇ ਇੱਕ ਐਸਡੀਓ ਪਰਲਾਦ ਕੁਮਾਰ, 2 ਜੂਨੀਅਰ ਇੰਜੀਨੀਅਰ ਗੌਰਵ ਧੀਰ ਤੇ ਨਵਦੀਪ ਕੁਮਾਰ ਅਤੇ ਕਲਰਕ ਕਰਨ ਕੁਮਾਰ ਨੂੰ 60 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਠੇਕੇਦਾਰ ਰਣਜੀਤ ਸਿੰਘ ਮੈਸਰਜ਼ ਗਰੀਨ ਅਰਥ, ਬਿਲਡਰਜ਼, ਪਰਸਰਾਮ ਨਗਰ, ਬਠਿੰਡਾ ਦੀ ਸ਼ਿਕਾਇਤ ਦੇ ਆਧਾਰ ’ਤੇ ਇਹ ਛਾਪਾਮਾਰੀ ਕੀਤੀ ਗਈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਨਗਰ ਕੌਂਸਲ ਗਿੱਦੜਬਾਹਾ ਵਿੱਚ ਗਲੀਆਂ ਦੇ ਪੇਵਰ ਲਾਉਣ ਲਈ 90 ਲੱਖ ਦੇ ਠੇਕੇ ਲਏ ਹੋਏ ਹਨ। ਜਿਸ ਵਿੱਚ 30 ਲੱਖ ਰੁਪਏ ਦੇ ਕੰਮ ਮੁਕੰਮਲ ਹੋ ਚੁੱਕੇ ਹਨ। ਇਸ ਕੰਮ ਦੇ ਬਿਲ ਪਾਸ ਕਰਾਉਣ ਲਈ ਉਹ ਮਿਊਂਸੀਪਲ ਇੰਜੀਨੀਅਰ/ਐਸ.ਡੀ.ਓ ਪਰਲਾਦ, ਜੇ.ਈ. ਨਵਦੀਪ ਕੁਮਾਰ, ਜੇ.ਈ. ਗੌਰਵ ਧੀਰ ਅਤੇ ਕਲਰਕ ਕਰਨ ਕੁਮਾਰ ਨੂੰ 13 ਫੀਸਦੀ ਕਮਿਸ਼ਨ ਦੇ ਰੂਪ ਵਿੱਚ ਰਿਸ਼ਵਤ ਦਿੰਦਾ ਸੀ ਪਰ ਹੁਣ ਦੋਸ਼ੀ 15 ਫੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਸਨ।
ਪੀੜਤ ਠੇਕੇਦਾਰ ਦੀ ਸ਼ਿਕਾਇਤ ’ਤੇ ਕਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਿਊਂਸੀਪਲ ਕੌਂਸਲ ਗਿੱਦੜਬਾਹਾ ਦੇ ਦਫ਼ਤਰ ਵਿੱਚ ਟਰੈਪ ਲਗਾ ਕੇ ਉਕਤ ਮੁਲਾਜ਼ਮਾਂ ਨੂੰ ਠੇਕੇਦਾਰ ਕੋਲੋਂ ਰਿਸ਼ਵਤ ਦੇ 60 ਹਜ਼ਾਰ ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ। ਮੁਲਜ਼ਮਾਂ ਨੂੰ ਵੀਰਵਾਰ ਨੂੰ ਮੁਹਾਲੀ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਉਧਰ, ਪੰਜਾਬ ਵਿਜੀਲੈਂਸ ਬਿਊਰੋ ਨੇ ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ਓ. ਅਤੇ ਜੇ.ਈ. ਨੂੰ 9000 ਰੁਪਏ ਦੀ ਰਿਸ਼ਵਤ ਸਮੇਤ ਰੰਗੇ-ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰਿਹਾਣਾ ਜੱਟਾਂ, ਜ਼ਿਲ੍ਹਾ ਕਪੂਰਥਲਾ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੇ ਪਿੰਡ ਦੇ ਡੇਰੇ ਨੂੰ ਆਉਂਦੀ ਬਿਜਲੀ ਦੀ ਸਪਲਾਈ ਲਈ ਵੱਡਾ ਟਰਾਂਸਫ਼ਾਰਮਰ ਰਖਾਉਣ ਲਈ ਦਰਖ਼ਾਸਤ ਦਿੱਤੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਗੁਰਜਿੰਦਰ ਸਿੰਘ ਐਸ.ਡੀ.ਓ. ਪੀ.ਐਸ.ਪੀ.ਸੀ.ਐਲ. ਰਿਹਾਣਾ ਜੱਟਾਂ ਨੇ ਨਵਾਂ ਟਰਾਂਸਫ਼ਾਰਮਰ ਰਖਵਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਟਰਾਂਸਫ਼ਾਰਮਰ ਫ਼ਿੱਟ ਕਰਕੇ ਚਾਲੂ ਕਰਨ ਬਦਲੇ ਐਸ.ਡੀ.ਓ. ਨੇ ਆਪਣੇ ਅਤੇ ਆਪਣੇ ਅਧੀਨ ਤੈਨਾਤ ਜੇ.ਈ. ਬਲਵੀਰ ਚੰਦ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 9 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। ਸ਼ਿਕਾਇਤ ’ਤੇ ਕਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਐਸ.ਡੀ.ਓ. ਗੁਰਜਿੰਦਰ ਸਿੰਘ ਅਤੇ ਜੇ.ਈ ਬਲਵੀਰ ਚੰਦ ਨੂੰ ਮੁਦੱਈ ਪਾਸੋਂ 9 ਹਜ਼ਾਰ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਵਿਰੁੱਧ ਥਾਣਾ ਵਿਜੀਲਂੈਸ ਬਿਊਰੋ ਜਲੰਧਰ ਵਿੱਚ ਪੀ.ਸੀ. ਐਕਟ ਦੀ ਧਾਰਾ 7,13 (2) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …