nabaz-e-punjab.com

ਨਕਲੀ ਸ਼ਰਾਬ ਮਾਮਲੇ ਵਿਚ 12 ਹੋਰ ਗਿ੍ਰਫਤਾਰੀਆਂ, ਲੁਧਿਆਣਾ ਦੇ ਵਪਾਰੀ ਤੇ 7 ਹੋਰ ਪਛਾਣ ਕੀਤੇ ਦੋਸ਼ੀਆਂ ਦੀ ਭਾਲ ਸ਼ੁਰੂ

ਛਾਪੇਮਾਰੀ ਜਾਰੀ, ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਜਾਂਚ ਵਿਚ ਤੇਜ਼ੀ ਲਿਆਉਣ ਦੇ ਹੁਕਮ, ਮਿ੍ਰਤਕਾਂ ਦੀ ਗਿਣਤੀ 108 ਤੱਕ ਪਹੁੰਚੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 3 ਅਗਸਤ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਪੜਤਾਲ ਹੋਰ ਤੇਜ਼ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਸੋਮਵਾਰ ਨੂੰ 12 ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਜਿਨਾਂ ਵਿਚ ਦੋ ਵਪਾਰੀ ਵੀ ਸ਼ਾਮਲ ਹਨ। ਪੁਲਿਸ ਨੇ ਲੁਧਿਆਣਾ ਨਿਵਾਸੀ ਪੇਂਟ ਦੇ ਇੱਕ ਵਪਾਰੀ ਵੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਮੁੱਢਲੇ ਤੌਰ ’ਤੇ ਨਕਲੀ ਸ਼ਰਾਬ ਦੇ ਤਿੰਨ ਡਰੰਮ ਸਪਲਾਈ ਕੀਤੇ ਸਨ ਜਿਨਾਂ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ। ਮੁੱਖ ਮੰਤਰੀ ਨੇ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਪੁਲਿਸ ਨੂੰ ਜੀ-ਜਾਨ ਨਾਲ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੂਰੀ ਤਾਕਤ ਨਾਲ ਪੜਤਾਲ ਵਿਚ ਜੁੱਟ ਜਾਣ ਦੇ ਨਿਰਦੇਸ਼ ਦਿੱਤੇ ਅਤੇ ਇਸ ਮਾਮਲੇ ਵਿਚ ਸ਼ਾਮਲ ਹਰੇਕ ਵਿਅਕਤੀ ਨੂੰ ਗਿ੍ਰਫਤਾਰ ਕਰਕੇ ਉਨਾਂ ਖਿਲਾਫ ਸਖ਼ਤ ਕਦਮ ਚੁੱਕਣਾ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਅਤੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਮੁਅੱਤਲ ਕੀਤੇ ਦੋ ਡੀ.ਐਸ.ਪੀਜ਼ ਅਤੇ ਚਾਰ ਐਸ.ਐਚ.ਓਜ਼ ਖਿਲਾਫ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਮੈਜਿਸਟ੍ਰੇਟੀ ਜਾਂਚ ਵਿਚ ਸਾਰੇ ਸ਼ੱਕੀ ਵਿਅਕਤੀਆਂ ਅਤੇ ਛੇ ਪੁਲਿਸ ਤੇ ਸੱਤ ਕਰ ਤੇ ਆਬਕਾਰੀ ਅਫਸਰਾਂ, ਜਿਨਾਂ ਦੀ ਮੁਅੱਤਲੀ ਦੇ ਹੁਕਮ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਜਾਰੀ ਕੀਤੇ ਸਨ, ਦੀ ਭੂਮਿਕਾ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਾਜ਼ਾ-ਤਰੀਨ ਗਿ੍ਰਫਤਾਰੀਆਂ ਨਾਲ ਇਸ ਮਾਮਲੇ ਵਿਚ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 37 ਤੱਕ ਪਹੁੰਚ ਗਈ ਹੈ ਜਿਨਾਂ ਵਿਚ ਨਜਾਇਜ਼ ਸ਼ਰਾਬ ਮਾਫੀਆ ਜੋ ਕਿ ਸੂਬੇ ਦੇ ਕਈ ਜ਼ਿਲਿਆਂ ਵਿਚ ਆਪਣਾ ਜਾਲ ਫੈਲਾ ਚੁੱਕਿਆ ਸੀ, ਦੇ ਪੰਜ ਸਰਗਨਾ ਵੀ ਸ਼ਾਮਲ ਹਨ। ਇਸ ਮਾਮਲੇ ਵਿਚ ਅੱਠ ਹੋਰ ਪਛਾਣ ਕੀਤੇ ਗਏ ਦੋਸ਼ੀਆਂ ਦੀ ਪੂਰੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਨਾਂ ਵਿਚ ਲੁਧਿਆਣਾ ਨਿਵਾਸੀ ਇੱਕ ਪੇਂਟ ਦੀ ਦੁਕਾਨ ਦਾ ਮਾਲਕ ਰਾਜੇਸ਼ ਜੋਸ਼ੀ ਨਾਮੀ ਵਿਅਕਤੀ ਵੀ ਹੈ ਜੋ ਕਿ ਇਸ ਮਾਫੀਆ ਲੜੀ ਦਾ ਇੱਕ ਅਹਿਮ ਹਿੱਸਾ ਹੈ।

ਉਨਾਂ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿਚ ਕਈ ਹੋਰ ਤਾਰ ਜੁੜੇ ਹੋਣ ਦੇ ਪੱਖ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਜ਼ਿਲਿਆਂ ਵਿਚ ਫੈਲੇ ਵੱਖੋ ਵੱਖ ਸਪਲਾਈ ਰੂਟਾਂ ਦੀ ਪਛਾਣ ਕਰਨ ਲਈ ਵੀ ਪੂਰੀ ਤਨਦੇਹੀ ਨਾਲ ਕੋਸ਼ਿਸ਼ਾਂ ਜਾਰੀ ਹਨ ਕਿਉਂਕਿ ਅਜੇ ਤੱਕ ਭਗੌੜੇ ਲੁਧਿਆਣਾ ਦੇ ਵਪਾਰੀ ਪਾਸੋਂ ਨਕਲੀ ਸ਼ਰਾਬ ਦੀ ਖਰੀਦ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਉਨਾਂ ਕਿਹਾ ਕਿ ਛਾਪੇਮਾਰੀ ਜਾਰੀ ਹੈ। ਇਸ ਮਾਮਲੇ ਵਿਚ ਮੌਤਾਂ ਦੀ ਗਿਣਤੀ 108 ਤੱਕ ਪਹੁੰਚ ਚੁੱਕੀ ਹੈ ਜਿਸ ਵਿਚੋਂ 82 ਮੌਤਾਂ ਤਰਨ ਤਾਰਨ ਅਤੇ ਅੰਮਿ੍ਰਤਸਰ ਤੇ ਬਟਾਲਾ ਵਿਚ 13-13 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ ਹੋਈਆਂ ਗਿ੍ਰਫਤਾਰੀਆਂ ਵਿੱਚ ਮੋਗਾ ਦਾ ਰਵਿੰਦਰ ਸਿੰਘ ਆਨੰਦ ਵੀ ਸ਼ਾਮਲ ਹੈ। ਮਕੈਨੀਕਲ ਜੈਕ ਬਣਾਉਣ ਵਾਲੀ ਫੈਕਟਰੀ ਚਲਾਉਣ ਵਾਲੇ ਰਵਿੰਦਰ ਨੇ ਲੁਧਿਆਣਾ ਦੇ ਕਾਰੋਬਾਰੀ ਤੋਂ 11000 ਰੁਪਏ ਪ੍ਰਤੀ ਡਰੰਮ ਦੇ ਹਿਸਾਬ ਨਾਲ ਨਕਲੀ ਸ਼ਰਾਬ ਦੀਆਂ ਤਿੰਨ ਕੇਨਾਂ (ਹਰੇਕ 200 ਲਿਟਰ) ਖਰੀਦੀਆਂ ਸਨ। ਉਸ ਨੇ ਹਾਲ ਹੀ ਵਿੱਚ ਹੈਂਡ ਸੈਨੀਟਾਇਜ਼ਰ ਦਾ ਉਤਪਾਦਨ ਕਰਨ ਦੀ ਸ਼ੁਰੂਆਤ ਵੀ ਕੀਤੀ ਸੀ।

ਰਵਿੰਦਰ ਕੋਲੋਂ ਇਹ 3 ਡਰੰਮ ਮੋਗਾ ਦੇ ਅਵਤਾਰ ਸਿੰਘ ਕੋਲ ਪਹੁੰਚੇ ਜਿਸ ਨੇ ਇਨਾਂ ਨੂੰ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾਂ ਦੇ ਵਸਨੀਕ ਹਰਜੀਤ ਸਿੰਘ ਅਤੇ ਉਸ ਦੇ 2 ਪੁੱਤਰਾਂ ਨੂੰ 28000 ਰੁਪਏ ਪ੍ਰਤੀ ਡਰੰਮ ਦੇ ਹਿਸਾਬ ਨਾਲ ਵੇਚ ਦਿੱਤਾ। ਹਰਜੀਤ ਅਤੇ ਉਸ ਦੇ ਪੁੱਤਰਾਂ ਨੇ 50000 ਰੁਪਏ ਦਿੱਤੇ ਸਨ ਅਤੇ ਬਾਕੀ ਬਣਦਾ ਭੁਗਤਾਨ ਹਾਲੇ ਕਰਨਾ ਸੀ ਅਤੇ ਉਨਾਂ ਨੇ ਇਨਾਂ ਡਰੰਮਾਂ ਨੂੰ ਆਪਣੇ ਪਿੰਡ ਦੇ ਨੇੜੇ ਝਾੜੀਆਂ ਵਿੱਚ ਛੁਪਾ ਦਿੱਤਾ। ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਹਰਜੀਤ ਅਤੇ ਉਸ ਦੇ ਪੁੱਤਰਾਂ (ਸਤਨਾਮ ਅਤੇ ਸ਼ਮਸ਼ੇਰ) ਵੱਲੋਂ 6000 ਰੁਪਏ ਵਿੱਚ ਗੋਬਿੰਦਰ ਸਿੰਘ ਨੂੰ ਇਨਾਂ ਡਰੰਮਾਂ ਵਿੱਚੋਂ ਨਕਲੀ ਸ਼ਰਾਬ ਦੀਆਂ 42 ਬੋਤਲਾਂ ਦਿੱਤੀਆਂ ਗਈਆਂ ਸਨ। ਉਸ ਵੱਲੋਂ ਇਸ ਵਿੱਚ 10 ਫ਼ੀਸਦੀ ਮਿਲਾਵਟ ਕਰਕੇ ਇਨਾਂ ਤੋਂ 46 ਬੋਤਲਾਂ ਬਣਾ ਦਿੱਤੀਆਂ ਗਈਆਂ ਅਤੇ ਇਨਾਂ ਨੂੰ ਅੱਗੇ 28 ਅਤੇ 29 ਜੁਲਾਈ ਨੂੰ 23-23 ਬੋਤਲਾਂ ਕਰਕੇ ਬਲਵਿੰਦਰ ਕੌਰ ਦੇ ਪੁੱਤਰਾਂ ਨੂੰ ਵੇਚ ਦਿੱਤਾ ਗਿਆ। ਬਲਵਿੰਦਰ, ਜਿਸ ਨੂੰ ਇਸ ਕੇਸ ਵਿੱਚ ਸਭ ਤੋਂ ਪਹਿਲਾਂ ਗਿ੍ਰਫ਼ਤਾਰ ਕੀਤਾ ਗਿਆ ਸੀ, ਨੇ ਇਸ ਸ਼ਰਾਬ ਵਿੱਚ 50 ਫ਼ੀਸਦੀ ਹੋਰ ਪਾਣੀ ਮਿਲਾ ਕੇ ਇਸ ਨੂੰ ਅੱਗੇ 100 ਰੁਪਏ ਦੇ ਹਿਸਾਬ ਨਾਲ ਵੇਚ ਦਿੱਤਾ। ਰਵਿੰਦਰ ਸਿੰਘ ਨੇ ਹੋਰ ਖੁਲਾਸੇ ਕਰਦੇ ਹੋਏ ਕਿਹਾ ਹੈ ਕਿ ਉਹ ਮੋਗਾ ਨਿਵਾਸੀ ਇੱਕ ਪੇਂਟ ਸਟੋਰ ਦੇ ਮਾਲਕ ਅਸ਼ਵਨੀ ਬਜਾਜ ਦਾ ਸਹਿਯੋਗੀ ਹੈ ਜਿਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਰਵਿੰਦਰ ਤੋਂ ਪੁੱਛਗਿੱਛ ਵਿਚ ਰਾਜੇਸ਼ ਜੋਸ਼ੀ ਦੀ ਸ਼ਮੂਲੀਅਤ ਸਾਹਮਣੇ ਆਈ ਜੋ ਕਿ ਅਜੇ ਤੱਕ ਭਗੌੜਾ ਹੈ। ਡੀ.ਜੀ.ਪੀ ਨੇ ਅਗਾਂਹ ਦੱਸਿਆ ਕਿ ਮੁੱਢਲੀ ਜਾਂਚ ਪੜਤਾਲ ਇਸ ਪੱਖ ਵੱਲ ਇਸ਼ਾਰਾ ਕਰਦੀ ਹੈ ਕਿ ਗੋਬਿੰਦਰ, ਰਵਿੰਦਰ, ਦਰਸ਼ਨਾ ਰਾਣੀ, ਤਿ੍ਰਵੇਣੀ ਚੌਹਾਨ ਅਤੇ ਹਰਪ੍ਰੀਤ ਸਿੰਘ ਇਸ ਮਾਮਲੇ ਵਿਚ ਮੁੱਖ ਦੋਸ਼ੀ ਹਨ ਜਿਨਾਂ ਦੇ ਹੋਰ ਵੱਡੇ ਮਾਫੀਆ ਗਿਰੋਹ ਮੈਂਬਰਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…