
ਪੰਜਾਬ ਪ੍ਰਾਪਤੀ ਸਰਵੇਖਣ ਦੀ ਤਿਆਰੀ ਲਈ ਦੂਜਾ ਅਭਿਆਸ 25 ਤੋਂ ਹੋਵੇਗਾ ਸ਼ੁਰੂ
ਛੇਵੀਂ ਤੋਂ ਦਸਵੀਂ ਜਮਾਤਾਂ ਦੇ 6 ਵਿਸ਼ਿਆਂ ਦਾ ਹੋਵੇਗਾ ਟੈੱਸਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ:
ਪੰਜਾਬ ਪ੍ਰਾਪਤੀ ਸਰਵੇਖਣ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ’ਤੇ ਪਕੜ ਮਜ਼ਬੂਤ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਹਫ਼ਤਾਵਾਰੀ ਕੁਇਜ਼ ਸ਼ੁਰੂ ਕੀਤੇ ਗਏ ਹਨ। ਜਿਸ ਤਹਿਤ ਦੂਜਾ ਕੁਇਜ਼ 25 ਅਕਤੂਬਰ ਨੂੰ, ਤੀਜਾ ਕੁਇਜ਼ 1 ਨਵੰਬਰ ਅਤੇ ਚੌਥਾ ਕੁਇਜ਼ 8 ਨਵੰਬਰ ਨੂੰ ਆਨਲਾਈਨ ਹੀ ਕਰਵਾਇਆ ਜਾਵੇਗਾ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਨਿਰਦੇਸ਼ਕ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ-2020 ਕਰਵਾਇਆ ਜਾ ਰਿਹਾ ਹੈ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਤਹਿਤ ਵਿਦਿਆਰਥੀਆਂ ਦੀ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਦੀ ਪਕੜ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਲਈ ਅਭਿਆਸ ਦਾ ਮੌਕਾ ਦੇਣ ਹਿੱਤ ਆਨਲਾਈਨ ਬਹੁ-ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨਾਂ ਦੀ ਦੁਹਰਾਈ ਕਰਵਾਈ ਜਾ ਰਹੀ ਹੈ। ਜਿਸ ਨਾਲ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਪ੍ਰਸ਼ਨੋਤਰੀ (ਕੁਇਜ਼) ਵਿੱਚ 6 ਵਿਸ਼ਿਆਂ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਹਿਸਾਬ ਅਤੇ ਸਮਾਜਿਕ ਸਿੱਖਿਆ ਦੇ ਪੰਜ-ਪੰਜ ਪ੍ਰਸ਼ਨ ਪੁੱਛੇ ਜਾਣਗੇ। ਇਹ ਪ੍ਰਸ਼ਨ ਪੰਜਾਬ ਪ੍ਰਾਪਤੀ ਸਰਵੇਖਣ ਸਤੰਬਰ-2020 ਦੇ ਪਹਿਲੇ ਪੜਾਅ ਵਿੱਚ ਅਧਿਆਪਕਾਂ ਦੇ ਸੁਝਾਵਾਂ ਅਨੁਸਾਰ ਸਾਹਮਣੇ ਆਏ ਸਭ ਤੋਂ ਕਮਜ਼ੋਰ ਪੰਜ ਸਿੱਖਣ ਪਰਿਣਾਮਾਂ ਦੇ ਨਤੀਜਿਆਂ ’ਤੇ ਆਧਾਰਿਤ ਹੋਵੇਗਾ। ਇਸ ਲਈ ਲਿੰਕ ਸਨਿੱਚਰਵਾਰ ਨੂੰ ਸ਼ਾਮ 6 ਵਜੇ ਆਨਲਾਈਨ ਕੀਤਾ ਜਾਇਆ ਕਰੇਗਾ ਅਤੇ ਐਤਵਾਰ ਰਾਤ 11 ਵਜੇ ਤੱਕ ਖੁੱਲ੍ਹਾ ਰਹੇਗਾ।
ਇਸ ਸਬੰਧੀ ਐੱਸਸੀਈਆਰਟੀ ਦੇ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੇ ਕਿਹਾ ਕਿ ਇਨ੍ਹਾਂ ਹਫ਼ਤਾਵਾਰੀ ਕੁਇਜ਼ਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਸਬੰਧਤ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰ ਅਤੇ ਬਲਾਕ ਮੈਂਟਰ ਸਕੂਲ ਮੁਖੀਆਂ ਨਾਲ ਸਾਂਝਾ ਕਰਨਗੇ ਅਤੇ ਵਿਦਿਆਰਥੀਆਂ ਦੀ ਤਿਆਰੀ ਲਈ ਮਾਈਕਰੋ ਯੋਜਨਾਬੰਦੀ ਕਰਨਗੇ।