
ਸੀਜੀਸੀ ਕਾਲਜ ਲਾਂਡਰਾਂ ਵੱਲੋਂ ਦੂਜੀ ਆਈਡੀਆਥਾਨ-2023 ਦਾ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਏਸੀਆਈਸੀ ਰਾਈਸ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਵੱਲੋਂ ਪੰਜਾਬ ਰਾਜ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐੱਸਸੀਐੱਸਟੀ) ਅਤੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਗਰਾਸ-ਰੂਟ ਇਨੋਵੇਟਰਾਂ ਲਈ ਦੂਜੀ ਆਈਡੀਆਥਾਨ-2023’ ਦਾ ਆਯੋਜਨ ਕੀਤਾ ਗਿਆ। ਇਸ ਸਾਲਾਨਾ ਸਮਾਰੋਹ ਵਿੱਚ ਪੈਨਲ ਚਰਚਾ ਸਣੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਪੇਂਡੂ ਉੱਦਮੀਆਂ ਨੇ ਖੇਤੀਬਾੜੀ, ਜੈਵਿਕ ਖੇਤੀ ਅਤੇ ਭੋਜਨ ਨਿਰਮਾਣ, ਦਸਤਕਾਰੀ ਅਤੇ ਹੱਥ ਨਾਲ ਬਣੇ ਉਪਕਰਨ, ਭੋਜਨ ਉਤਪਾਦਨ ਅਤੇ ਪ੍ਰੋਸੈਸਿੰਗ ਵਿਸ਼ਿਆਂ ਲਈ 30 ਤੋਂ ਵੱਧ ਵਿਚਾਰ ਪੇਸ਼ ਕੀਤੇ। ਜੇਤੂ ਵਿਚਾਰਾਂ ਦਾ ਫ਼ੈਸਲਾ ਪੈਨਲ ਜੱਜਾਂ ਨੇ ਵਿਚਾਰਾਂ ਦੀ ਆਰਥਿਕ ਵਿਹਾਰਕਤਾ ਅਤੇ ਪੇਂਡੂ ਭਾਈਚਾਰੇ ਲਈ ਹੋਣ ਵਾਲੇ ਲਾਭਾਂ ਦੇ ਆਧਾਰ ’ਤੇ ਕੀਤ॥ ਇਸ ਦੌਰਾਨ ਜਸਵੀਰ ਸਿੰਘ ਨੂੰ ਇੱਕ ਖੇਤ ਬੀਜਣ (ਫਾਰਮ ਸੀਡਰ) ਸਬੰਧੀ ਪੇਸ਼ ਕੀਤੇ ਵਿਚਾਰ ਲਈ 20 ਹਜ਼ਾਰ ਰੁਪਏ ਦੇ ਪਹਿਲੇ ਇਨਾਮ ਦਾ ਜੇਤੂ ਐਲਾਨਿਆ ਗਿਆ।
ਇੰਜ ਹੀ 15 ਹਜ਼ਾਰ ਰੁਪਏ ਦਾ ਦੂਜਾ ਇਨਾਮ ਪਵਨਦੀਪ ਚੌਧਰੀ ਅਤੇ ਉਨ੍ਹਾਂ ਦੀ ਟੀਮ ਨੂੰ ਦਿੱਤਾ ਗਿਆ। ਜਿਨ੍ਹਾਂ ਨੇ ਕੂੜੇ ਤੋਂ ਕਾਗਜ਼ ਬਣਾਉਣ ਦੀ ਸਵਦੇਸ਼ੀ ਤਕਨੀਕ ਦੀ ਖੋਜ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਮੁਹਾਲੀ ਦੇ ਇੱਕ ਪਿੰਡ ਦੀ ਦਲਜੀਤ ਕੌਰ ਦੀ ਅਗਵਾਈ ਵਾਲੀ ਮਹਿਲਾ ਸੈਲਫ ਹੈਲਪ ਗਰੁੱਪ ਨੇ ਵਿਲੱਖਣ ਜੈਵਿਕ ਭੋਜਨ ਉਤਪਾਦ ਬਣਾਉਣ ਲਈ 10 ਹਜ਼ਾਰ ਰੁਪਏ ਦਾ ਤੀਜਾ ਇਨਾਮ ਜਿੱਤਿਆ। ਜ਼ਿਕਰਯੋਗ ਹੈ ਇਹ ਇਨਾਮੀ ਰਾਸ਼ੀ ਸਟਾਰਟਅੱਪ ਪੰਜਾਬ ਵੱਲੋਂ ਸਪਾਂਸਰ ਕੀਤੀ ਗਈ।
ਪੈਨਲ ਚਰਚਾ ਵਿੱਚ ਮਾਹਰਾਂ ਨੇ ਆਪਣੇ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਮਾਰਕੀਟਿੰਗ ਮੁੱਦਿਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕਿਸਾਨਾਂ ਅਤੇ ਸਮਾਜ ਦੇ ਪਛੜੇ ਵਰਗਾਂ ਲਈ ਪ੍ਰਭਾਵਸ਼ਾਲੀ ਸਥਾਨਕ ਸਟਾਰਟਅੱਪ ਈਕੋਸਿਸਟਮ ਬਣਾਉਣ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਦੀਪਕ ਕੁਮਾਰ, ਸੀਨੀਅਰ ਵਿਗਿਆਨੀ, ਪੀਐਸਸੀਐਸਟੀ, ਡਾ. ਹਰਬਿੰਦਰ ਸਿੰਘ ਪ੍ਰੋ. ਐਸੋਸੀਏਟ ਡੀਨ ਖੋਜ ਅਤੇ ਸੀਈਓ, ਏਸੀਆਈਸੀ ਰਾਈਜ਼, ਸੀਜੀਸੀ ਲਾਂਡਰਾਂ ਦੇ ਸਾਬਕਾ ਵਿਦਿਆਰਥੀ ਉੱਦਮੀ ਹਰਮੀਤ ਬਰਾੜ ਅਤੇ ਆਰਗੈਨਿਕ ਕਾਓ ਮਿਲਕ ਬ੍ਰਾਂਡ ਦੇ ਸੰਸਥਾਪਕ ਰਣਸਵ, ਅਮਰਜੋਤ ਸਿੰਘ ਧਨੋਆ, ਚੇਅਰਪਰਸਨ ਪੰਜਾਬ ਜੰਕਸ਼ਨ ਫਾਰਮ ਪ੍ਰੋਡਿਊਸਰ ਕੰਪਨੀ, ਸ੍ਰੀਮਤੀ ਦੀਪਿਕਾ ਸਿੰਦਵਾਨੀ, ਰਜਿੰਦਰ ਮੋਹਨ ਕਸ਼ਯਪ, ਫਾਊਂਡਰ ਸੋਲਰ ਆਸ਼ਰਮ, ਪਰਵਿੰਦਰ ਸਿੰਘ, ਡਾਇਨੈਮਿਕ ਐਂਟਰਪ੍ਰੀਨਿਓਰ ਕਮਿਊਨਿਟੀ ਦੇ ਡਾਇਰੈਕਟਰ ਨੇ ਸ਼ਿਰਕਤ ਕੀਤੀ।