nabaz-e-punjab.com

ਸਿੱਖਿਆ ਵਿਭਾਗ ਨੇ ਦੂਜੇ ਗੇੜ ਵਿੱਚ 1771 ਅਧਿਆਪਕਾਂ ਦੀਆਂ ਕੀਤੀਆਂ ਆਨਲਾਈਨ ਬਦਲੀਆਂ

ਆਨਲਾਈਨ ਤਬਾਦਲਾ ਨੀਤੀ ਪੁਰੀ ਤਰ੍ਹਾਂ ਕਾਮਯਾਬ, ਪਾਰਦਰਸ਼ੀ ਢੰਗ ਨਾਲ ਕੀਤੀਆਂ ਬਦਲੀਆਂ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਆਨਲਾਈਨ ਤਬਾਦਲਾ ਨੀਤੀ 2019 ਤਹਿਤ ਦੂਜੇ ਗੇੜ ਵਿੱਚ ਅੱਜ 1771 ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਗੱਲ ਦਾ ਖੁਲਾਸਾ ਕਰਦਿਆਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਆਨ-ਲਾਈਨ ਤਬਾਦਲਾ ਨੀਤੀ ਪੁਰੀ ਤਰ੍ਹਾਂ ਕਾਮਯਾਬ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ ਅਤੇ ਸਿੱਖਿਆ ਅਧਿਕਾਰੀਆਂ ’ਤੇ ਬਦਲੀਆਂ ਸਬੰਧੀ ਕਿਸੇ ਕਿਸਮ ਦੇ ਦੋਸ਼ ਵੀ ਨਹੀਂ ਲੱਗਣਗੇ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਆਨਲਾਈਨ ਤਬਾਦਲਾ ਨੀਤੀ ਨਾਲ ਸਮੇਂ ਦੀ ਬੱਚਤ ਹੋਈ ਅਤੇ ਇਹ ਕੰਮ ਬਿਲਕੁਲ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਇਸ ਵਿੱਚ ਗੜਬੜੀ ਦੀ ਕੋਈ ਗੁਜਾਇੰਸ਼ ਨਹੀਂ ਹੈ। ਉਨ੍ਹਾਂ ਆਨਲਾਈਨ ਬਦਲੀਆਂ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਕਰੀਬ 11 ਹਜ਼ਾਰ ਅਧਿਆਪਕਾਂ ਨੇ ਆਪਣੀਆਂ ਬਦਲੀਆਂ ਸਬੰਧੀ ਆਨ-ਲਾਈਨ ਅਪਲਾਈ ਕੀਤਾ ਸੀ ਅਤੇ ਬੀਤੀ 30 ਜੁਲਾਈ ਨੂੰ 4551 ਅਧਿਆਪਕਾਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਬਦਲੀਆਂ ਦੇ ਦੂਜੇ ਗੇੜ ਤਹਿਤ ਅਪਲਾਈ ਕਰਨ ਲਈ ਅਧਿਆਪਕਾਂ ਨੂੰ 8 ਤੋਂ 10 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਿਸ ਅਧੀਨ 4646 ਅਧਿਆਪਕਾਂ ਨੇ ਬਦਲੀ ਲਈ ਅਪਲਾਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅੱਜ 1771 ਅਧਿਆਪਕਾਂ ਦੀ ਆਨਲਾਈਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਹੁਣ ਤੱਕ ਕੁਲ 6322 ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ ਕੀਤੀਆਂ ਗਈਆਂ ਹਨ। ਕਿਸੇ ਪਾਸਿਓਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਪਹਿਲੇ ਗੇੜ ਦੌਰਾਨ ਸਿੱਖਿਆ ਵਿਭਾਗ ’ਤੇ ਗੜਬੜੀ ਦੇ ਦੋਸ਼ ਲੱਗੇ ਸੀ ਅਤੇ ਘੱਟ ਨੰਬਰਾਂ ਵਾਲੇ ਕੁਝ ਅਧਿਆਪਕਾਂ ਨੂੰ ਗੱਫੇ ਮਿਲਣ ਬਾਰੇ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ। ਇਸ ਮਗਰੋਂ ਸਿੱਖਿਆ ਵਿਭਾਗ ਵੱਲੋਂ ਇਤਰਾਜ਼ ਵੀ ਮੰਗੇ ਗਏ ਸੀ ਪ੍ਰੰਤੂ ਉਦੋਂ ਤੱਕ ਆਨਲਾਈਨ ਬਦਲੀਆਂ ਦੀ ਸੂਚੀ ਜਾਰੀ ਹੁੰਦੇ ਸਾਰ ਹੀ ਸਬੰਧਤ ਅਧਿਆਪਕਾਂ ਨੇ ਆਪੋ ਆਪਣੇ ਸਕੂਲਾਂ ਵਿੱਚ ਡਿਊਟੀ ਜੁਆਇੰਨ ਕਰ ਲਈ ਸੀ। ਇਸ ਤੋਂ ਬਾਅਦ ਇਹ ਮਾਮਲਾ ਬਿਲਕੁਲ ਠੰਢਾ ਪੈ ਗਿਆ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…