Nabaz-e-punjab.com

ਆਈਐਸਬੀ ਵਿੱਚ ਨਵ-ਨਿਯੁਕਤ ਸਕੂਲ ਮੁਖੀਆਂ ਦੀ ਦੂਜੇ ਗੇੜ ਦੀ ਸਿਖਲਾਈ ਵਰਕਸ਼ਾਪ ਸਮਾਪਤ

ਸਰਕਾਰੀ ਸਕੂਲਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੇ ਆਈਐਸਬੀ ਤੋਂ ਸਿਖਲਾਈ ਪ੍ਰਾਪਤ ਪ੍ਰਿੰਸੀਪਲ: ਕ੍ਰਿਸ਼ਨ ਕੁਮਾਰ

ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਓ ਲਿਆਉਣ ਲਈ ਨਵੀਆਂ ਰਾਹਾਂ ਸਿਰਜ ਰਿਹਾ ਸਿੱਖਿਆ ਵਿਭਾਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ 51 ਪ੍ਰਿੰਸੀਪਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਮਿਆਰੀ ਪ੍ਰਬੰਧਕੀ ਗੁਰ ਦੇਣ ਲਈ ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਆਯੋਜਿਤ ਦੂਜੇ ਗੇੜ ਦੀ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਅੱਜ ਸਮਾਪਤ ਹੋ ਗਈ। ਇਸ ਮੌਕੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਭਵਿੱਖ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਤਸ਼ਾਹਿਤ ਕੀਤਾ। ਆਈਐਸਬੀ ਦੀ ਕੋਆਰਡੀਨੇਟਰ ਡਾ. ਆਰੂਸ਼ੀ ਜੈਨ ਅਤੇ ਡਿਪਟੀ ਐੱਸਪੀਡੀ ਮਨੋਜ ਕੁਮਾਰ ਵੀ ਹਾਜ਼ਰ ਸਨ।
ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਨਵ-ਨਿਯੁਕਤ ਸਕੂਲ ਮੁਖੀਆਂ ਨੂੰ ਆਪਣੀ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਦਿਆਂ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਬਦਲਾਓ ਲਿਆਉਣ ਲਈ ਸਿੱਖਿਆ ਵਿਭਾਗ ਨਵੀਆਂ ਰਾਹਾਂ ਸਿਰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਵਰਕਸ਼ਾਪ ਨਵੇਂ ਸਕੂਲ ਮੁਖੀਆਂ ਨੂੰ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਜਿਸ ਸਦਕਾ ਸਕੂਲ ਮੁਖੀ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਸਿਰਜਣਗੇ।
ਇਸ ਤੋਂ ਪਹਿਲਾਂ ਡਿਪਟੀ ਐਸਪੀਡੀ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਵਿਦਿਆਰਥੀਆਂ ਦੀ ਮਾਨਸਿਕਤਾ ਅਨੁਸਾਰ ਉਨ੍ਹਾਂ ਲਈ ਸਪੱਸ਼ਟ ਡਰੀਮ ਪ੍ਰਾਜੈਕਟ ਤਿਆਰ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਦਸੰਬਰ ਵਿੱਚ ਵੀ 50 ਸਕੂਲ ਮੁਖੀਆਂ ਦਾ ਪਹਿਲਾ ਬੈਚ ਸਿਖਲਾਈ ਪ੍ਰਾਪਤ ਕਰ ਚੁੱਕਾ ਹੈ ਅਤੇ ਹੁਣ ਦੂਜੇ ਬੈਚ ਵਿੱਚ 51 ਪ੍ਰਿੰਸੀਪਲਾਂ ਦੀ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਗਈ ਹੈ। ਆਈਐਸਬੀ ਦੇ ਰਿਸੋਰਸ ਪਰਸਨਜ਼ ਪ੍ਰੋ. ਨੰਦੂ ਨੰਦ ਕਿਸ਼ੋਰ ਅਤੇ ਕੋਆਰਡੀਨੇਟਰ ਡਾ. ਆਰੂਸ਼ੀ ਜੈਨ ਵੱਲੋਂ ਸਕੂਲ ਮੁਖੀਆਂ ਨੂੰ ਲੀਡਰਸ਼ਿਪ ਵਿਸ਼ੇ ਸਬੰਧੀ ਮਹੱਤਵਪੂਰਨ ਨੁਕਤੇ ਦੱਸੇ ਗਏ।
ਇਸ ਮੌਕੇ ਨਵ-ਨਿਯੁਕਤ ਸਕੂਲ ਮੁਖੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੂਰ-ਅੰਦੇਸ਼ੀ ਸੋਚ ਹੈ ਜੋ ਉਨ੍ਹਾਂ ਨੂੰ ਨਾਮਵਾਰ ਸਿੱਖਿਆ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਇਸ ਸਿਖਲਾਈ ਸਦਕਾ ਉਹ ਸਰਕਾਰੀ ਸਕੂਲਾਂ ਦੇ ਮਿਆਰੀ ਪ੍ਰਬੰਧ ਨੂੰ ਬਾਖ਼ੂਬੀ ਚਲਾ ਸਕਣਗੇ। ਅਖੀਰ ਵਿੱਚ ਸਿਖਲਾਈ ਪ੍ਰਾਪਤ ਸਕੂਲ ਮੁਖੀਆਂ ਨੂੰ ਆਈਐਸਬੀ ਵੱਲੋਂ ਸਰਟੀਫਿਕੇਟ ਦਿੱਤੇ ਗਏ।
ਸਿਖਲਾਈ ਵਰਕਸ਼ਾਪ ਵਿੱਚ ਹਿੱਸਾ ਲੈ ਰਹੇ ਪ੍ਰਿੰਸੀਪਲਾਂ ਡਾ. ਬੂਟਾ ਸਿੰਘ ਸਿੱਧੂ, ਅੰਜੂ ਮੋਗਾ ਅਤੇ ਹੋਰ ਸਕੂਲ ਮੁਖੀਆਂ ਨੇ ਕਿਹਾ ਕਿ ਸਿਖਲਾਈ ਵਰਕਸ਼ਾਪ ਦਾ ਭਵਿੱਖ ਵਿੱਚ ਕਾਫੀ ਲਾਭ ਮਿਲੇਗਾ। ਜਿਸ ਨਾਲ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣਗੇ ਅਤੇ ਲੀਡਰਸ਼ਿਪ ਦੀਆਂ ਤਕਨੀਕਾਂ ਨਾਲ ਟੀਮ ਵਰਕ ਕਰਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਕਾਰਜ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…