Nabaz-e-punjab.com

ਟੈੱਟ ਪ੍ਰੀਖਿਆ: ਸਿੱਖਿਆ ਬੋਰਡ ਦੇ ਸਕੱਤਰ ਨੇ ਅਧਿਆਪਕ ਯੋਗਤਾ ਟੈੱਸਟ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਪ੍ਰੀਖਿਆ ਕੇਂਦਰਾਂ ਦੇ ਮੁੱਖ ਗੇਟਾਂ ਤੱਕ ਪੁਲੀਸ ਦੇ ਜਵਾਨ ਰਹਿਣਗੇ ਤਾਇਨਾਤ, ਧਾਰਾ 144 ਵੀ ਲਾਗੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ ਨੂੰ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈੱਸਟ (ਟੈੱਟ-2018 ਪ੍ਰੀਖਿਆ) ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਬੋਰਡ ਮੈਨੇਜਮੈਂਟ ਪ੍ਰਬੰਧਾਂ ਸਬੰਧੀ ਕੋਈ ਗੁਜਾਇੰਸ਼ ਬਾਕੀ ਨਹੀਂ ਛੱਡਣਾ ਚਾਹੁੰਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਪ੍ਰਬੰਧਕੀ ਖ਼ਾਮੀਆਂ ਦੇ ਚੱਲਦਿਆਂ ਟੈੱਟ ਪ੍ਰੀਖਿਆ ਕਰੀਬ ਚਾਰ ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ ਪ੍ਰੰਤੂ ਐਤਕੀਂ ਸੁਰੱਖਿਆ ਪੱਖੋਂ ਵੱਧ ਸਖ਼ਤੀ ਵਰਤੀ ਜਾਵੇਗੀ ਤਾਂ ਜੋ ਗੜਬੜੀ ਦੀ ਕੋਈ ਗੁਜਾਇੰਸ਼ ਨਾ ਰਹੇ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਮੁਹੰਮਦ ਤਈਅਬ ਨੇ 19 ਜਨਵਰੀ ਨੂੰ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਕਰਵਾਈ ਜਾਣ ਵਾਲੀ ਅਧਿਆਪਕ ਯੋਗਤਾ ਟੈੱਸਟ (ਟੈੱਟ-2018 ਪ੍ਰੀਖਿਆ) ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਬੇਲਾਗ ਢੰਗ ਨਾਲ ਪ੍ਰੀਖਿਆ ਕਰਵਾਏ ਜਾਣ ਲਈ ਸਾਰੇ ਪ੍ਰਬੰਧਕੀ ਢਾਂਚੇ ਨੂੰ ਚੁਸਤ-ਦਰੁਸਤ ਕੀਤਾ। ਸਕੱਤਰ ਨੇ ਇੰਕਸ਼ਾਫ਼ ਕੀਤਾ ਕਿ ਸੂਬਾ ਪੱਧਰੀ ਪ੍ਰੀਖਿਆ ਲਈ ਮਿਸਾਲੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਪੁਲੀਸ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਬੋਰਡ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਉਨ੍ਹਾਂ ’ਤੇ ਅਮਲ ਕਰਨਾ ਯਕੀਨੀ ਬਣਾਉਣ। ਜੇਕਰ ਕਿਸੇ ਨੂੰ ਕੁਝ ਨਵਾਂ ਨਾ ਵੀ ਲੱਗੇ ਤਾਂ ਵੀ ਉਨ੍ਹਾਂ ਉੱਤੇ ਅਮਲ ਬਹੁਤ ਜ਼ਰੂਰੀ ਹੈ।
ਡੀਜੀਐੱਸਈ ਨੇ ਕਿਹਾ ਕਿ ਕਿਸੇ ਉਮੀਦਵਾਰ ਨੂੰ ਵੀ ਪ੍ਰੀਖਿਆ ਕੇਂਦਰ ਵਿੱਚ ਪੈਨ ਜਾਂ ਪੈਨਸਿਲ ਲਿਜਾਉਣ ਦੀ ਮਨਾਹੀ ਹੈ ਕਿਉਂਕਿ ਪ੍ਰੀਖਿਆਰਥੀਆਂ ਨੂੰ ਨੀਲੇ ਰੰਗ ਦੇ ਬਾਲ ਪੈਨ ਓਐੱਮਆਰ ਸ਼ੀਟਾਂ ਦੇ ਨਾਲ ਹੀ ਦਿੱਤੇ ਜਾਣਗੇ। ਪ੍ਰੀਖਿਆ ਦੇ ਮੁਲਾਂਕਣ ਦੌਰਾਨ ਨੈਗਟਿਵ ਮਾਰਕਿੰਗ ਨਹੀਂ ਹੈ ਪਰ ਜੇਕਰ ਕੋਈ ਉਮੀਦਵਾਰ ਇਕ ਉੱਤਰ ਦੇ ਇਕ ਤੋਂ ਵੱਧ ਚੱਕਰਾਂ ਨੂੰ ਭਰੇਗਾ ਤਾਂ ਉਸ ਦੇ ਨੁਕਸਾਨ ਦਾ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਨੂੰ ਆਪਣੀ ਓਐੱਮਆਰ ਸ਼ੀਟ ਦੀ ਆਖਰੀ ਕਾਰਬਨ ਕਾਪੀ ਲਿਜਾਉਣਣ ਦੀ ਪੂਰੀ ਖੁੱਲ੍ਹ ਹੋਵੇਗੀ ਤਾਂ ਜੋ ਉਹ ਆਪਣੇ ਸਵਾਲਾਂ ਦੇ ਜਵਾਬ ਚੈੱਕ ਕਰ ਸਕਣ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰ ’ਤੇ ਬਣਾਏ ਜਾਣ ਵਾਲੇ ਕਿਸੇ ਵੀ ਪ੍ਰੀਖਿਆ ਕੇਂਦਰ ਵਿੱਚ ਪੁਲੀਸ ਕਰਮਚਾਰੀ ਨਹੀਂ ਜਾ ਸਕਣਗੇ ਪ੍ਰੰਤੂ ਸਮੂਹ ਪ੍ਰੀਖਿਆ ਕੇਂਦਰਾਂ ਦੇ ਮੁੱਖ ਗੇਟਾਂ ਤੱਕ ਪੁਲੀਸ ਜਵਾਨ ਤਾਇਨਾਤ ਰਹਿਣਗੇ ਅਤੇ ਦਫ਼ਤਰੀ ਸਟਾਫ਼ ਜਾਂ ਕਿਸੇ ਬਾਹਰੀ ਵਿਅਕਤੀ ਨੂੰ ਪਾਣੀ ਲੈ ਕੇ ਵੀ ਪ੍ਰੀਖਿਆ ਕੇਂਦਰਾਂ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਉਮੀਦਵਾਰ ਕੋਲੋਂ ਕਿਸੇ ਇਤਰਾਜ਼ਯੋਗ ਵਸਤੂ ਮਿਲਣ ’ਤੇ ਉਸ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਉਮੀਦਵਾਰ ਦੀ ਥਾਂ ਕੋਈ ਹੋਰ ਵਿਅਕਤੀ ਪ੍ਰੀਖਿਆ ਵਿੱਚ ਅਪੀਅਰ ਹੁੰਦਾ ਫੜਿਆ ਗਿਆ ਤਾਂ ਉਨ੍ਹਾਂ ਦੇ ਖ਼ਿਲਾਫ਼ ਨਕਲ ਕੇਸ ਅਤੇ ਫੌਜਦਾਰੀ ਕੇਸ ਵੀ ਦਰਜ ਹੋ ਸਕਦੇ ਹਨ। ਸਿੱਖਿਆ ਅਧਿਕਾਰੀ ਨੇ ਕਿਹਾ ਕਿ ਪ੍ਰੀਖਿਆ ਦੀ ਸਮੁੱਚੀ ਪ੍ਰਕਿਰਿਆ ਦੀ ਵੀਡੀਓ ਗਰਾਫ਼ੀ ਕੀਤੀ ਜਾਵੇਗੀ ਅਤੇ ਵੀਡੀਓ ਰਿਕਾਰਡਿੰਗ ਵਿੱਚ ਪ੍ਰਸ਼ਨ ਪੱਤਰਾਂ ਤੇ ਓਐਮਆਰ ਸ਼ੀਟਾਂ ਦੀ ਪ੍ਰੀਖਿਆ ਕੇਂਦਰਾਂ ਵਿੱਚ ਪਹੁੰਚ, ਪ੍ਰਸ਼ਨ-ਪੱਤਰਾਂ ਵਾਲੇ ਡੱਬੇ ਦਾ ਖੱੁਲ੍ਹਣਾ, ਪ੍ਰਸ਼ਨ-ਪੱਤਰਾਂ ਦੀ ਵੰਡ ਆਦਿ ਸਾਰੀਆਂ ਕਿਰਿਆਵਾਂ ਨੂੰ ਰਿਕਾਰਡ ਕੀਤਾ ਜਾਵੇਗਾ। ਸਾਰੇ ਉਮੀਦਵਾਰਾਂ ਅਤੇ ਡਿਊਟੀ ਸਟਾਫ਼ ਦੇ ਸਪਸ਼ਟ ਚਿਹਰੇ ਵੀਡੀਓ ਵਿੱਚ ਨਜ਼ਰ ਆਉਣੇ ਜ਼ਰੂਰੀ ਹੋਣਗੇ। ਇਸ ਤੋਂ ਇਲਾਵਾ ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਧਾਰਾ 144 ਵੀ ਲਾਗੂ ਹੋਵੇਗੀ। ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਪਹਿਲਾਂ ਹੀ ਵੀ ਅਪੀਲ ਕੀਤੀ ਜਾ ਚੁੱਕੀ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…