
ਸੈਕਟਰ-76 ਤੋਂ 80 ਐਂਟੀ ਇਨਹਾਸਮੈਂਟ ਸੰਘਰਸ਼ ਕਮੇਟੀ ਵੱਲੋਂ ਗਮਾਡਾ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ
ਗਮਾਡਾ ਨੂੰ 15 ਦਿਨ ਦਾ ਅਲਟੀਮੇਟਮ, ਸ਼ਹਿਰ ਵਿੱਚ ਬਲੈਕ ਫਲੈਗ ਮਾਰਚ ਕਰਨ ਦੀ ਚਿਤਾਵਨੀ
ਨਬਜ਼-ਏ-ਪੰਜਾਬ, ਮੁਹਾਲੀ, 24 ਅਪਰੈਲ:
ਸੈਕਟਰ-76 ਤੋਂ 80 ਐਂਟੀ ਇਨਹਾਸਮੈਂਟ ਸੰਘਰਸ਼ ਕਮੇਟੀ ਵੱਲੋਂ ਅੱਤ ਦੀ ਗਰਮੀ ਵਿੱਚ ਵਾਧੂ ਵਸੂਲੀ ਖ਼ਿਲਾਫ਼ ਗਮਾਡਾ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ ਦੀ ਅਗਵਾਈ ਕਨਵੀਨਰ ਕਰਮ ਸਿੰਘ ਧਨੋਆ, ਕੌਂਸਲਰ ਹਰਜੀਤ ਸਿੰਘ ਬੈਦਵਾਨ, ਹਰਦਿਆਲ ਚੰਦ ਬਡਬਰ, ਲਾਭ ਸਿੰਘ ਸਿੱਧੂ, ਜਰਨੈਲ ਸਿੰਘ, ਮੇਜਰ ਸਿੰਘ ਅਤੇ ਕ੍ਰਿਸ਼ਨਾ ਮਿੱਤੂ ਨੇ ਸਾਂਝੇ ਤੌਰ ’ਤੇ ਕੀਤੀ। ਸਟੇਜ ਵੀ ਹਰਜੀਤ ਸਿੰਘ ਬੈਦਵਾਨ ਨੇ ਖ਼ੁਦ ਸੰਭਾਲੀ। ਸੈਕਟਰ ਵਾਸੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਸੈਕਟਰ-76 ਤੋਂ 80 ਪਲਾਟ ਹੋਲਡਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਏਕੇ ਦਾ ਸਬੂਤ ਦਿੱਤਾ।
ਬੁਲਾਰਿਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾ ਗਮਾਡਾ ਤੋਂ ਇਨਹਾਸਮੈਂਟ ਕੇਸ ਦੇ ਸਟੇਟਸ ਬਾਰੇ ਪੁੱਛਿਆ ਗਿਆ ਸੀ। ਜਿਸ ਦੇ ਜਵਾਬ ਵਿੱਚ ਗਮਾਡਾ ਨੇ 8 ਜਨਵਰੀ ਨੂੰ ਇੱਕ ਪੱਤਰ ਜਾਰੀ ਕਰਕੇ ਦੱਸਿਆ ਗਿਆ ਕਿ ਪਲਾਟ ਹੋਲਡਰਾਂ ਨੂੰ ਰਾਹਤ ਦੇਣ ਲਈ ਕੇਸ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਪ੍ਰੰਤੂ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਅਤੇ ਗਮਾਡਾ ਨੇ ਪੂਣੀ ਤੱਕ ਨਹੀਂ ਕੱਤੀ।
ਧਰਨੇ ਨੂੰ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਚਰਨਜੀਤ ਕੌਰ, ਸੁਰਿੰਦਰ ਸਿੰਘ ਚਾਹਲ, ਆਰਐਸ ਬੱਲ, ਗੁਰਜੀਤ ਸਿੰਘ ਗਿੱਲ, ਸੁਖਚੈਨ ਸਿੰਘ, ਐਮਪੀ ਸਿੰਘ, ਨਵਜੋਤ ਸਿੰਘ ਬਾਛਲ, ਗੁਰਦੇਵ ਸਿੰਘ ਦਿਉਲ, ਬੂਟਾ ਸਿੰਘ, ਦਿਆਲ ਚੰਦ, ਸੱਜਣ ਸਿੰਘ, ਅਮਰਜੀਤ ਸਿੰਘ, ਭਗਵੰਤ ਸਿੰਘ ਗਿੱਲ, ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਕਨਵੀਨਰ ਕਰਮ ਸਿੰਘ ਧਨੋਆ ਨੇ ਧਰਨੇ ਵਿੱਚ ਪਹੁੰਚੇ ਸੈਕਟਰ ਵਾਸੀਆਂ ਅਤੇ ਹੋਰਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਤੇ ਗਮਾਡਾ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਮਸਲਾ ਹੱਲ ਨਹੀਂ ਹੋਇਆ ਤਾਂ ਸਾਰੇ ਸੈਕਟਰਾਂ ਵਿੱਚ ਬਲੈਕ ਫਲੈਗ ਮਾਰਚ ਕੀਤਾ ਜਾਵੇਗਾ ਅਤੇ ਜਦੋਂ ਤੱਕ ਇਨਹਾਸਮੈਂਟ ਖ਼ਤਮ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।