
ਸੈਕਟਰ-76 ਤੋਂ 80 ਇਨਹਾਸਮੈਂਟ ਕਮੇਟੀ ਵੱਲੋਂ ਗਮਾਡਾ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ
ਮੀਟਿੰਗ ਵਿੱਚ ਕਰਨਲ ਬਾਠ ਦੀ ਕੁੱਟਮਾਰ ਅਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਮੁੱਦਾ ਵੀ ਗੂੰਜਿਆ
ਨਬਜ਼-ਏ-ਪੰਜਾਬ, ਮੁਹਾਲੀ, 25 ਮਾਰਚ:
ਇੱਥੋਂ ਦੇ ਸੈਕਟਰ-76 ਤੋਂ 80 ਦੀ ਇਨਹਾਸਮੈਂਟ ਸੰਘਰਸ਼ ਕਮੇਟੀ ਮੁਹਾਲੀ ਨੇ ਗਮਾਡਾ ਖ਼ਿਲਾਫ਼ ਲੜੀਵਾਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਇੱਥੇ ਸੈਕਟਰ-79 ਇਨਹਾਸਮੈਂਟ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ। ਜਿਸ ਵਿੱਚ ਉਕਤ ਸੈਕਟਰਾਂ ਦੇ ਵਸਨੀਕਾਂ ਅਤੇ ਅਲਾਟੀਆਂ ਨੇ ਜੈਕਾਰੇ ਛੱਡ ਕੇ ਸੰਘਰਸ਼ ਵਿੱਢਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ਵਿੱਚ ਪੰਜਾਬ ਪੁਲੀਸ ਵੱਲੋਂ ਕਰਨਲ ਬਾਠ ਦੇ ਪਰਿਵਾਰ ਦੀ ਕੁੱਟਮਾਰ ਅਤੇ ਕਿਸਾਨਾਂ ਨੂੰ ਮੀਟਿੰਗ ਵਿੱਚ ਸੱਦ ਕੇ ਵਾਪਸ ਪਰਤਦੇ ਸਮੇਂ ਗ੍ਰਿਫ਼ਤਾਰ ਕਰਨ ਅਤੇ ਜਬਰੀ ਧਰਨਾ ਚੁੱਕਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ।
ਇਸ ਮੌਕੇ ਕੌਂਸਲਰ ਹਰਜੀਤ ਸਿੰਘ ਬੈਦਵਾਨ, ਸੈਕਟਰ-78 ਦੇ ਪ੍ਰਧਾਨ ਮੇਜਰ ਸਿੰਘ, ਸੈਕਟਰ-79 ਦੇ ਪ੍ਰਧਾਨ ਹਰਦਿਆਲ ਸਿੰਘ ਬਡਬਰ, ਸਮਾਜ ਸੇਵੀ ਨਵਜੋਤ ਸਿੰਘ ਬਾਛਲ, ਕਰਮ ਸਿੰਘ ਧਨੋਆ, ਦਿਆਲ ਚੰਦ, ਜਰਨੈਲ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ ਗਿੱਲ, ਐਮਪੀ ਸਿੰਘ, ਲਾਭ ਸਿੰਘ, ਮੇਜਰ ਸਿੰਘ, ਲਖਬੀਰ ਸਿੰਘ, ਮਹਿੰਦਰ ਸਿੰਘ, ਵਿਜੇ ਮੋਂਗਾ, ਪੁਸ਼ਪਿੰਦਰ ਸਿੰਘ, ਬਲਵੰਤ ਰਾਏ, ਸੇਠੀ ਰਾਮ, ਨਰਿੰਦਰ ਸਿੰਘ, ਮਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।
ਹਰਦਿਆਲ ਚੰਦ ਬਡਬਰ ਨੇ ਸ਼ਹੀਦ ਭਗਤ ਸਿੰਘ ਦੀ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਇਨਹਾਸਮੈਂਟ ਦਾ ਸਖ਼ਤ ਵਿਰੋਧ ਕਰਦਿਆਂ ਸੈਕਟਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਕਾਂ ਵਿੱਚ ਆਵਾਰਾ ਕੁੱਤਿਆਂ ਨੂੰ ਰੋਟੀ ਅਤੇ ਹੋਰ ਨਿੱਕ ਸੁੱਕ ਨਾ ਪਾਉਣ ਅਤੇ ਪਾਲਤੂ ਕੁੱਤਿਆਂ ਨੂੰ ਪਾਰਕਾਂ ਵਿੱਚ ਨਾ ਘੁਮਾਉਣ ਦੀ ਅਪੀਲ ਕੀਤੀ। ਮੇਜਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਮਾਡਾ ਵੱਲੋਂ 8 ਜਨਵਰੀ 2025 ਨੂੰ ਐਂਟੀ ਇਨਹਾਸਮੈਂਟ ਕਮੇਟੀ ਨੂੰ ਜਾਰੀ ਪੱਤਰ ਸੈਕਟਰ-76 ਤੋਂ 80 ਵਿੱਚ ਫੌਰੀ ਲਾਗੂ ਕਰਵਾਇਆ ਜਾਵੇ। ਸੈਕਟਰ-79 ਦੇ ਵਕੀਲ ਆਰਐਸ ਬੱਲ ਅਤੇ ਸੁਰਿੰਦਰ ਪਾਲ ਸਿੰਘ ਚਾਹਲ ਨੇ ਹੁਣ ਤੱਕ ਦੀ ਕਾਨੂੰਨੀ ਚਾਰਾਜੋਈ ਲੋਕਾਂ ਨਾਲ ਸਾਂਝੀ ਕੀਤੀ ਅਤੇ ਕੇਸ ਬਾਬਤ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਵਿੱਚ ਸੈਕਟਰ ਵਾਸੀਆਂ ਨੇ ਅਗਲੇ ਸੰਘਰਸ਼ ਬਾਰੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਗਮਾਡਾ ਨੇ ਪੰਜਾਬ ਸਰਕਾਰ ਦਾ ਉਕਤ ਪੱਤਰ ਜਲਦੀ ਲਾਗੂ ਨਹੀਂ ਕੀਤਾ ਗਿਆ ਤਾਂ 15 ਅਪਰੈਲ ਤੋਂ ਸਮੂਹ ਸੈਕਟਰ-76 ਤੋਂ 80 ਦੇ ਵਸਨੀਕ ਵੱਲੋਂ ਗਮਾਡਾ ਵਿਰੁੱਧ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।