
ਸੈਕਟਰ-76 ਤੋਂ 80: ਅਨਹਾਂਸਮੈਂਟ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ: ਵਿਧਾਇਕ ਕੁਲਵੰਤ ਸਿੰਘ
ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ-76 ਤੋਂ 80 ਦਾ ਵਫ਼ਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ
ਨਬਜ਼-ਏ-ਪੰਜਾਬ, ਮੁਹਾਲੀ, 25 ਦਸੰਬਰ:
ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ-76 ਤੋਂ 80 ਦੇ ਮੈਂਬਰਾਂ ਅਤੇ ਅਲਾਟੀਆਂ ਦਾ ਉੱਚ ਪੱਧਰੀ ਵਫ਼ਦ ਸੋਮਵਾਰ ਨੂੰ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਸੁੱਚਾ ਸਿੰਘ ਕਲੌੜ ਤੇ ਹਰਜੀਤ ਸਿੰਘ ਭੋਲੂ ਦੀ ਅਗਵਾਈ ਹੇਠ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਗਮਾਡਾ ਵੱਲੋਂ ਅਲਾਟੀਆਂ ਨੂੰ ਵਾਧੂ ਵਸੂਲੀ ਦੇ ਭੇਜੇ ਜਾ ਰਹੇ ਨੋਟਿਸ ਬੰਦ ਕਰਵਾਏ ਜਾਣ।
ਕਨਵੀਨਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਅਤੇ ਆਪ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨਾਲ ਵੀ ਕਮੇਟੀ ਮੈਂਬਰਾਂ ਦੀ ਗੱਲਬਾਤ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਇਸ ਮਸਲੇ ਦੇ ਹੱਲ ਲਈ ਆਪਣੇ ਓਐਸਡੀ ਦੀ ਡਿਊਟੀ ਲਗਾਈ ਸੀ। ਇਸ ਤੋਂ ਪਹਿਲਾਂ ਗਮਾਡਾ ਅਤੇ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਮਸਲੇ ਦਾ ਹੱਲ ਨਹੀਂ ਹੋਇਆ। ਕਮੇਟੀ ਮੈਂਬਰਾਂ ਨੇ ਵਿਧਾਇਕ ਨੂੰ ਦੱਸਿਆ ਕਿ ਲੰਮਾ ਸਮਾਂ ਬੀਤ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਹੁਣ ਗਰਮਾ ਪੰਚਾਇਤ ਤੇ ਨਗਰ ਕੌਂਸਲਾਂ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਣ ਦਾ ਖ਼ਦਸ਼ਾ ਹੈ। ਉਪਰੰਤ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਜਿਸ ਕਾਰਨ ਇਹ ਮਸਲਾ ਲਟਕਣ ਦਾ ਖ਼ਦਸ਼ਾ ਹੈ। ਜਦੋਂਕਿ ਗਮਾਡਾ ਵੱਲੋਂ ਅਲਾਟੀਆਂ ਨੂੰ ਨੋਟਿਸ ਭੇਜਣ ਦਾ ਸਿਲਸਿਲਾ ਜਾਰੀ ਹੈ।
ਇਸ ’ਤੇ ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਭਲਕੇ ਮੰਗਲਵਾਰ ਨੂੰ ਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਗੱਲ ਕਰਨਗੇ ਅਤੇ ਅਲਾਟੀਆਂ ਨੂੰ ਨੋਟਿਸ ਭੇਜਣ ਦੀ ਕਾਰਵਾਈ ਬੰਦ ਕਰਵਾਉਣਗੇ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਪਾਈ ਅਨਹਾਂਸਮੈਂਟ (ਪ੍ਰਤੀ ਵਰਗ ਗਜ਼ ’ਤੇ ਵਾਧੂ ਵਸੂਲੀ) ਪੰਜਾਬ ਸਰਕਾਰ ਜਲਦੀ ਹੀ ਹੱਲ ਕਰੇਗੀ, ਜਿਸ ਦਾ ਜਨਵਰੀ ਵਿੱਚ ਨਿਪਟਾਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਮਸਲਾ ਜਲਦੀ ਹੱਲ ਹੋ ਜਾਵੇਗਾ ਅਤੇ ਅਲਾਟੀਆਂ ਨੂੰ ਵੱਡੀ ਰਾਹਤ ਮਿਲੇਗੀ। ਕਮੇਟੀ ਮੈਂਬਰਾਂ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਚਰਨਜੀਤ ਕੌਰ, ਮੇਜਰ ਸਿੰਘ, ਸੁਖਚੈਨ ਸਿੰਘ, ਜਸਪਾਲ ਸਿੰਘ, ਸੁਰਿੰਦਰ ਸਿੰਘ ਕੰਗ, ਹਰਦਿਆਲ ਬਡਬਰ, ਭਗਵੰਤ ਸਿੰਘ, ਐਮਪੀ ਸਿੰਘ, ਜੀਐਸ ਪਠਾਨੀਆ, ਸਰਦੂਲ ਸਿੰਘ ਪੂਨੀਆ ਅਤੇ ਬਲਵਿੰਦਰ ਸਿੰਘ ਵੀ ਮੌਜੂਦ ਸਨ।