
ਸੈਕਟਰ ਵਾਸੀਆਂ ਵੱਲੋਂ ਟੀਡੀਆਈ ਮੈਗਾ ਹਾਊਸਿੰਗ ਸੁਸਾਇਟੀ ਦੇ ਬਿਲਡਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼
ਵੈਲਫੇਅਰ ਸੁਸਾਇਟੀ ਵੱਲੋਂ ਟੀਡੀਆਈ ਦਫ਼ਤਰ ਦੇ ਬਾਹਰ ਲੜੀਵਾਰ ਧਰਨਾ ਸ਼ੁਰੂ ਕਰਨ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਇੱਥੋਂ ਦੇ ਟੀਡੀਆਈ ਮੈਗਾ ਹਾਊਸਿੰਗ ਸੈਕਟਰ-110 ਦੇ ਪ੍ਰਬੰਧਕਾਂ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਸੈਕਟਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਪ੍ਰੰਤੂ ਕਲੋਨਾਈਜਰ ਉਨ੍ਹਾਂ ਨੂੰ ਪੱਲਾ ਨਹੀਂ ਫੜਾ ਰਿਹਾ ਹੈ। ਜਿਸ ਕਾਰਨ ਸੈਕਟਰ ਵਿੱਚ ਰਹਿੰਦੇ ਲੋਕਾਂ ’ਚ ਭਾਰੀ ਰੋਸ ਹੈ। ਝੂਠੇ ਲਾਰਿਆਂ ਤੋਂ ਅੱਕੇ ਪੀੜਤ ਲੋਕਾਂ ਨੇ ਹੁਣ ਇਨਸਾਫ਼ ਪ੍ਰਾਪਤੀ ਲਈ ਕਲੋਨਾਈਜਰ ਖ਼ਿਲਾਫ਼ ਲੜੀਵਾਰ ਪੱਕਾ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਟੀਡੀਆਈ ਰੈਜ਼ੀਡੈਂਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ।
ਉਨ੍ਹਾਂ ਟੀਡੀਆਈ ਦੇ ਪ੍ਰਬੰਧਕਾਂ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਲੋਨਾਈਜਰ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਵਾਅਦਿਆਂ ਤੋਂ ਮੁੱਕਰ ਰਹੇ ਹਨ ਅਤੇ ਸੁਸਾਇਟੀ ਨਾਲ ਮੀਟਿੰਗ ਲਈ ਹਰ ਵਾਰੀ ਨਵਾਂ ਪ੍ਰਬੰਧਕ ਨਿਯੁਕਤ ਕਰ ਦਿੱਤਾ ਜਾਂਦਾ ਹੈ। ਨਵਾਂ ਅਧਿਕਾਰੀ ਪਿਛਲੀਆਂ ਮੀਟਿੰਗਾਂ ਵਿੱਚ ਹੋਏ ਫੈਸਲਿਆਂ ਬਾਰੇ ਅਨਜਾਣਤਾ ਪ੍ਰਗਟ ਕਰਦਿਆਂ ਛੇਤੀ ਜਾਇਜ਼ ਮੰਗਾਂ ਪੂਰੀਆਂ ਕਰਨ ਦਾ ਲਾਰਾ ਲਗਾ ਕੇ ਤੁਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟੀਡੀਆਈ ਸੈਕਟਰ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਬਿਜਲੀ ਦੇ ਟਰਾਂਸਫਰਮਰ ਰਿਪੇਅਰ ਕਰਨ ਦੀ ਸਖ਼ਤ ਲੋੜ ਹੈ। ਕਲੱਬ ਦਾ ਕੰਮ ਅਧੂਰਾ ਪਿਆ ਹੈ ਜਦਕਿ ਲੋਕਾਂ ਨੂੰ ਪਲਾਟ/ਫਲੈਟ ਵੇਚਣ ਸਮੇਂ ਹੀ 50 ਹਜ਼ਾਰ ਰੁਪਏ ਮੈਂਬਰਸ਼ਿਪ ਫੀਸ ਲੈ ਲਈ ਜਾਂਦੀ ਹੈ। ਸੀਵਰੇਜ ਸਹੀ ਤਰੀਕੇ ਨਾਲ ਨਹੀਂ ਜੋੜਿਆ ਗਿਆ ਅਤੇ ਇੰਜਣ ਨਾਲ ਪਾਣੀ ਕੱਢ ਕੇ ਖੇਤਾਂ ਨੂੰ ਲਾਇਆ ਜਾਂਦਾ ਹੈ। ਜਿਸ ਨਾਲ ਬਿਮਾਰੀ ਫੈਲਣ ਦਾ ਖਦਸ਼ਾ ਹੈ।
ਜਸਵੀਰ ਸਿੰਘ ਗੜਾਂਗ, ਆਰਐੱਸ ਗਿੱਲ, ਐਮਐਲ ਸ਼ਰਮਾ, ਗੁਰਬਚਨ ਸਿੰਘ ਮੰਡੇਰ, ਸੰਜੇ ਵੀਰ, ਮਨਪ੍ਰੀਤ ਕੌਰ ਬਖਸ਼ੀ, ਅਸ਼ਵਨੀ ਵਸ਼ਿਸ਼ਟ, ਐਡਵੋਕੇਟ ਅਸ਼ੋਕ ਕੁਮਾਰ ਅਤੇ ਅਸ਼ੋਕ ਡੋਗਰਾ ਨੇ ਕਿਹਾ ਕਿ ਜ਼ਿਆਦਾਤਰ ਪਾਰਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਕਈ ਪਾਰਕਾਂ ਵਿੱਚ ਟਰੈਕ, ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ। ਪਿਛਲੇ ਦਿਨੀਂ ਇਕ ਮਜ਼ਦੂਰ ਨੂੰ ਸੱਪ ਨੇ ਡਸ ਲਿਆ ਸੀ। ਜਿਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ। ਸੈਕਟਰ ਵਾਸੀਆਂ ਟੀਡੀਆਈ ਪ੍ਰਬੰਧਕਾਂ ਨੂੰ 15 ਜੂਨ ਤੱਕ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸੈਕਟਰ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਕੀਤੀਆਂ ਗਈਆਂ ਤਾਂ ਟੀਡੀਆਈ ਦਫ਼ਤਰ ਦੇ ਬਾਹਰ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ।
(ਬਾਕਸ ਆਈਟਮ)
ਟੀਡੀਆਈ ਦੇ ਪ੍ਰਾਜੈਕਟ ਡਾਇਰੈਕਟਰ ਰੋਹਿਤ ਗੋਗੀਆ ਨੇ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਕੁੱਝ ਲੋਕ ਆਪਣੀ ਲੀਡਰੀ ਚਮਕਾਉਣ ਲਈ ਕੰਪਨੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸੈਕਟਰ ਵਿਚਲੇ ਜ਼ਿਆਦਾਤਰ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਸੜਕਾਂ ਵੀ ਠੀਕ ਹਨ। ਉਨ੍ਹਾਂ ਕਿਹਾ ਕਿ ਕਲੱਬ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਸੀ ਪ੍ਰੰਤੂ ਕਰੋਨਾ ਕਾਰਨ ਸਾਰੇ ਮਜ਼ਦੂਰ ਪਿੱਤਰੀ ਰਾਜਾਂ ਵਿੱਚ ਪਰਤ ਗਏ ਹਨ। ਜਿਸ ਕਾਰਨ ਉਸਾਰੀ ਦਾ ਕੰਮ ਰੁਕ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੜਕਾਂ ਦਾ ਪੈਚ ਵਰਕ ਬਰਸਾਤ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਦੂਜੇ ਪ੍ਰਾਜੈਕਟ ਵਿੱਚ ਵੱਖਰਾ ਕਲੱਬ ਚਲ ਰਿਹਾ ਹੈ। ਸਥਾਨਕ ਲੋਕਾਂ ਨੂੰ ਉੱਥੇ ਜਾਣ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ ਪ੍ਰੰਤੂ ਇਨ੍ਹਾਂ ’ਚੋਂ ਕੋਈ ਉੱਥੇ ਜਾਣ ਨੂੰ ਤਿਆਰ ਨਹੀਂ ਹੈ।