ਸੈਕਟਰ ਵਾਸੀਆਂ ਤੇ ਦੁਕਾਨਦਾਰਾਂ ਨੇ ਟੀਡੀਆਈ ਦਫ਼ਤਰ ਵਿੱਚ ਕੀਤਾ ਹੰਗਾਮਾ

ਬਾਲਟੀਆਂ ਅਤੇ ਟੈਂਕਰ ਨੂੰ ਪਾਈਪ ਲਗਾ ਕੇ ਟੀਡੀਆਈ ਦਫ਼ਤਰ ਵਿੱਚ ਸੁੱਟਿਆ ਗੰਦਾ ਪਾਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਇੱਥੋਂ ਦੇ ਸੈਕਟਰ-117 ਸਥਿਤ ਟੀਡੀਆਈ ਸਮਾਰਟ ਸਿਟੀ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸੈਕਟਰ ਵਾਸੀ ਅਤੇ ਮਾਰਕੀਟ ਦੇ ਦੁਕਾਨਦਾਰ ਸੜਕਾਂ ’ਤੇ ਉਤਰ ਆਏ ਹਨ। ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਲੋਕ ਕਾਫ਼ੀ ਅੌਖੇ ਹਨ। ਪੀੜਤ ਲੋਕਾਂ ਨੇ ਕਲੋਨਾਈਜਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਟੀਡੀਆਈ ਦੇ ਸੇਲਜ਼ ਦਫ਼ਤਰ ਵਿੱਚ ਗੰਦਾ ਪਾਣੀ ਸੁੱਟ ਕੇ ਖੂਬ ਹੰਗਾਮਾ ਕੀਤਾ। ਇਸ ਦੌਰਾਨ ਅੱਜ ਰੋਹ ਵਿੱਚ ਆਏ ਲੋਕਾਂ ਨੇ ਪਾਣੀ ਦੇ ਟੈਂਕਰ ਨੂੰ ਪਾਈਪ ਲਗਾ ਕੇ ਦਫ਼ਤਰ ਦੀ ਬੇਸਮੈਂਟ ਵੱਲ ਜਾ ਰਹੀਆਂ ਪੌੜੀਆਂ ਵਿੱਚ ਪਾਣੀ ਛੱਡ ਦਿੱਤਾ। ਇਸ ਤੋਂ ਇਲਾਵਾ ਸੈਕਟਰ ਵਾਸੀਆਂ ਨੇ ਬਾਲਟੀਆਂ ਵਿੱਚ ਗੰਦਾ ਪਾਣੀ ਭਰ ਕੇ ਕੰਪਨੀ ਦਫ਼ਤਰ ਦੇ ਅੰਦਰ ਸੁੱਟਿਆ ਗਿਆ।
ਇਸ ਮੌਕੇ ਕੰਪਨੀ ਦਫ਼ਤਰ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪ੍ਰੰਤੂ ਪਾਣੀ ਸੁੱਟਣ ਵਾਲਿਆਂ ਵਿੱਚ ਅੌਰਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਉੱਥੋਂ ਹਟਾਇਆ ਗਿਆ। ਉੱਥੇ ਹੰਗਾਮਾ ਕਰ ਰਹੇ ਕੁੱਝ ਵਿਅਕਤੀਆਂ ਨੂੰ ਪੁਲੀਸ ਆਪਣੇ ਨਾਲ ਥਾਣੇ ਲੈ ਗਏ। ਇਸ ਸਬੰਧੀ ਬਲੌਂਗੀ ਥਾਣਾ ਦੇ ਐਸਐਚਓ ਪੀਐਸ ਗਰੇਵਾਲ ਨੇ ਕਿਹਾ ਕਿ ਟੀਡੀਆਈ ਵਿੱਚ ਝਗੜੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਆਪਸੀ ਸਹਿਮਤੀ ਨਾਲ ਗੱਲਬਾਤ ਲਈ ਭਲਕੇ ਵੀਰਵਾਰ ਦਾ ਟਾਈਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…