Nabaz-e-punjab.com

ਸੈਕਟਰ-76 ਤੋਂ 80 ਦੇ ਵਸਨੀਕ ਮੁੱਢਲੀਆਂ ਸਹੂਲਤਾਂ ਨੂੰ ਤਰਸੇ

ਪਾਣੀ ਦੇ ਬਿੱਲਾਂ ਵਿੱਚ ਵਾਧਾ, ਟੁੱਟੀਆਂ ਸੜਕਾਂ, ਪਾਰਕਾਂ ਤੇ ਗਰੀਨ ਬੈਲਟਾਂ ਦੀ ਹਾਲਤ ਖ਼ਰਾਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਇੱਥੋਂ ਦੇ ਸੈਕਟਰ-76 ਤੋਂ 80 ਦੇ ਬਾਸ਼ਿੰਦੇ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ। ਪਾਣੀ ਦੇ ਬਿੱਲਾਂ ਵਿੱਚ ਸਾਢੇ 5 ਗੁਣਾ ਵਾਧਾ, ਪਾਰਕਾਂ ਅਤੇ ਗਰੀਨ ਬੈਲਟਾਂ ਦੀ ਹਾਲਤ ਖ਼ਰਾਬ ਸਮੇਤ ਟੁੱਟੀਆਂ ਸੜਕਾਂ ਤੋਂ ਸੈਕਟਰਾਂ ਦੇ ਲੋਕ ਕਾਫੀ ਅੌਖੇ ਹਨ ਪ੍ਰੰਤੂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਮੱਸਿਆ ਦੇ ਹੱਲ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਸਥਾਨਕ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਰੈਜ਼ੀਡੈਂਟ ਵੈੱਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਉਕਤ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਇਨ੍ਹਾਂ ਦੇ ਸਥਾਈ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਕ੍ਰਿਸ਼ਨਾ ਮਿੱਤੂ, ਜਨਰਲ ਸਕੱਤਰ ਇੰਦਰਜੀਤ ਸਿੰਘ, ਮੁੱਖ ਸਲਾਹਕਾਰ ਤੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਸਮੇਤ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਡਿਵੈਲਪਮੈਂਟ ਵੈੱਲਫੇਅਰ ਕਮੇਟੀ ਅਤੇ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ 1 ਸਤੰਬਰ 2017 ਤੋਂ ਗਮਾਡਾ ਅਧੀਨ ਆਉਂਦੇ ਸੈਕਟਰ-76 ਤੋਂ 80 ਅਤੇ ਸੈਕਟਰ-66 ਤੋਂ 69 ਦੇ ਪਾਣੀ ਦੇ ਬਿੱਲਾਂ ਵਿੱਚ 5.5 ਗੁਣਾ ਕੀਤਾ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਨਗਰ ਨਿਗਮ ਵੱਲੋਂ ਕੁਝ ਸਮਾਂ ਪਹਿਲਾਂ ਉਕਤ ਸੈਕਟਰਾਂ ਵਿੱਚ ਇਕੋ ਭਾਅ ’ਤੇ ਸਸਤਾ ਪਾਣੀ ਮੁਹੱਈਆ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਲੇਕਿਨ ਹੁਣ ਤੱਕ ਅੱਗੇ ਕਾਰਵਾਈ ਨਹੀਂ ਹੋਈ।
ਉਨ੍ਹਾਂ ਮੰਗ ਕੀਤੀ ਕਿ ਸੈਕਟਰ-78 ਅਤੇ ਸੈਕਟਰ-79 ਦੀ ਸੜਕ ਦੋਵੇਂ ਪਾਸੇ ਰੇਤ ਅਤੇ ਇੱਟਾਂ ਦੇ ਟਰੈਕਟਰ ਟਰਾਲੀਆਂ ਅਤੇ ਟਰੱਕ ਹਟਾਉਣ ਸਬੰਧੀ ਕੋਈ ਪੱਕਾ ਹੱਲ ਕੱਢਿਆ ਜਾਵੇ। ਸੈਕਟਰ-76 ਤੋਂ 80 ਵਿੱਚ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਬਣਾਇਆ ਜਾਵੇ ਅਤੇ ਬਾਕੀ ਰਹਿੰਦੇ ਅਲਾਟੀਆਂ ਨੂੰ ਸਬੰਧਤ ਪਲਾਟਾਂ ਦੇ ਕਬਜ਼ੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਵਿੱਚ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ-78 ਤੇ ਸੈਕਟਰ-79 ਦੀ ਡੀਵਾਈਡਿੰਗ ਸੜਕ ਦਾ ਬੁਰਾ ਹਾਲ ਹੈ। ਇੰਝ ਹੀ ਵੱਡੇ ਪਾਰਕ ਦੀ ਰੇਲਿੰਗ ਸਟੋਨ ਦੀਵਾਰ ਨਾ ਬਣਾਉਣਾ, ਪੱਕੇ ਟਰੈਕ ਦੇ ਨਾਲ ਨਾਲ ਕਚਾ ਟਰੈਕ ਨਾ ਬਣਾਉਣਾ, ਸੜਕਾਂ ਦੇ ਕਰਵ-ਚੈਨਲ ਨਾ ਨਵਿਆਉਣਾ, ਲੋੜ ਅਨੁਸਾਰ ਰੋਡ ਗਲੀਆਂ ਨਾ ਬਣਾਉਣਾ, ਗਾਈਡ ਨਕਸ਼ੇ ਅਤੇ ਨੰਬਰ ਪਲੇਟਾਂ ਨਾ ਲਗਾਉਣਾ, ਪਿੰਡ ਸੋਹਾਣਾ ਤੇ ਸੈਕਟਰ-78 ਵਿਚਕਾਰ ਆਰਸੀਸੀ ਦੀਵਾਰ ਨੂੰ ਪੂਰਾ ਨਾ ਕਰਨਾ, ਸੈਕਟਰ-78 ਵਿੱਚ ਕਮਿਊਨਿਟੀ ਸੈਂਟਰ ਅਤੇ ਸੈਕਟਰ-77 ਵਿੱਚ ਵਾਟਰ ਵਰਕਸ ਦੀ ਉਸਾਰੀ ਸ਼ੁਰੂ ਨਾ ਕਰਨਾ, ਸੈਕਟਰ-77 ਅਤੇ ਸੈਕਟਰ-80 ਦੇ ਪਿਛਲੇ ਪਾਸੇ ਸੜਕ ਚਾਲੂ ਨਾ ਕਰਨਾ ਆਦਿ ਸਮੱਸਿਆਵਾਂ ਕਾਰਨ ਸਥਾਨਕ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ।
ਇਸ ਮੀਟਿੰਗ ਵਿੱਚ ਕ੍ਰਿਸ਼ਨਾ ਮਿੱਤੂ, ਇੰਦਰਜੀਤ ਸਿੰਘ, ਮੇਜਰ ਸਿੰਘ, ਨਿਰਮਲ ਸਿੰਘ ਸਭਰਵਾਲ, ਗੁਰਮੇਲ ਸਿੰਘ ਢੀਂਡਸਾ, ਰਮਨੀਕ ਸਿੰਘ, ਸਤਨਾਮ ਸਿੰਘ ਭਿੰਡਰ, ਸੁਰਿੰਦਰ ਸਿੰਘ ਕੰਗ, ਦਰਸ਼ਨ ਸਿੰਘ, ਕੁਲਦੀਪ ਸਿੰਘ ਜਾਂਗਲਾ, ਜਗਜੀਤ ਸਿੰਘ, ਗੁਰਦੇਵ ਸਿੰਘ ਸਰਾਂ, ਰਮਿੰਦਰ ਸਿੰਘ, ਅਮਰ ਸਿੰਘ ਅਨੇਜਾ, ਚਰਨ ਸਿੰਘ, ਇੰਸਪਾਲ, ਸੰਤੋਖ ਸਿੰਘ, ਅਮਰਜੀਤ ਸਿੰਘ, ਰਘਬੀਰ ਭੁੱਲਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…