Nabaz-e-punjab.com

ਸੈਕਟਰ 110 -111 ਦੇ ਵਸਨੀਕਾਂ ਨੇ ਟੀਡੀਆਈ ਦੇ ਮੁੱਖ ਦਫ਼ਤਰ ਅੱਗੇ ਬਿਲਡਰ ਖ਼ਿਲਾਫ਼ ਦਿੱਤਾ ਧਰਨਾ

ਪ੍ਰਬੰਧਕਾਂ ’ਤੇ ਲਿਖਤੀ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼, ਕੰਪਨੀ ਪ੍ਰਬੰਧਕਾਂ ਨੇ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਇੱਥੋਂ ਦੇ ਟੀਡੀਆਈ ਸੈਕਟਰ-110-111 ਦੇ ਵਸਨੀਕ ਕਲੋਨਾਈਜਰ ਦੀ ਅਣਦੇਖੀ ਦੇ ਚੱਲਦਿਆਂ ਮੁੱਢਲੀ ਸਹੂਲਤਾਂ ਨੂੰ ਤਰਸ ਰਹੇ ਹਨ। ਜਿਸ ਕਾਰਨ ਦੋਵੇਂ ਸੈਕਟਰਾਂ ਦੇ ਬਾਸ਼ਿੰਦਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਟੀਡੀਆਈ ਦੇ ਮੁੱਖ ਦਫ਼ਤਰ ਸੈਕਟਰ-117 ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਕਲੋਨਾਈਜਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ’ਤੇ ਆਪਣੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ।
ਇਸ ਮੌਕੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-110-111 ਦੇ ਪ੍ਰਧਾਨ ਰਾਜਵਿੰਦਰ ਸਿੰਘ, ਜਸਵੀਰ ਸਿੰਘ ਗੜਾਂਗ, ਆਰਕੇ ਸ਼ਰਮਾ ਧਰਮਵੀਰ ਵਸ਼ਿਸ਼ਟ, ਰਾਕੇਸ਼ ਕਪੂਰ ਅਤੇ ਐਮਐਲ ਸ਼ਰਮਾ ਨੇ ਕਿਹਾ ਕਿ ਟੀਡੀਆਈ ਦੇ ਸੈਕਟਰ-110 ਅਤੇ 111 ਵਿੱਚ ਕਲੋਨਾਈਜਰ ਵੱਲੋਂ ਸਥਾਨਕ ਲੋਕਾਂ ਦੀਆਂ ਮੁੱਢਲੀਆਂ ਤੇ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਸਬੰਧੀ ਐਸੋਸੀਏਸ਼ਨ ਵੱਲੋਂ ਪ੍ਰਬੰਧਕਾਂ ਨੂੰ ਕਈ ਵਾਰ ਲਿਖਤੀ ਤੌਰ ’ਤੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਸੈਕਟਰਾਂ ਵਿੱਚ ਪਾਰਕਾਂ ਦੀ ਬਹੁਤ ਮਾੜੀ ਹਾਲਤ, ਬਦਹਾਲ ਸੜਕਾਂ, ਬਿਜਲੀ ਦੇ ਨਾਕਸ ਪ੍ਰਬੰਧ ਅਤੇ ਸਕਿਉਰਿਟੀ ਰੱਬ ਆਸਰੇ ਹੋਣ ਬਾਰੇ ਆਦਿ ਸਾਰੇ ਮਾਮਲੇ ਧਿਆਨ ਵਿੱਚ ਲਿਆਂਦੇ ਜਾ ਚੁੱਕੇ ਹਨ ਪ੍ਰੰਤੂ ਪ੍ਰਬੰਧਕਾਂ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਹੈ। ਸੈਕਟਰ ਵਾਸੀਆਂ ਨੇ ਕਿਹਾ ਕਿ ਸੁਰੱਖਿਆ ਪ੍ਰਬੰਧ ਮਾੜੇ ਹੋਣ ਕਾਰਨ ਇਨ੍ਹਾਂ ਸੈਕਟਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਬੀਤੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਨੇ ਬੀਐਮਡਬਲਿਊ ਗੱਡੀ ਨੂੰ ਕੈਮੀਕਲ ਪਾ ਕੇ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪਰਿਵਾਰ ਦੇ ਜਾਗਣ ਕਾਰਨ ਗੱਡੀ ਦਾ ਬਚਾਅ ਹੋ ਗਿਆ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਜਦੋਂ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਵਿੱਚ ਰਾਤ ਵੇਲੇ ਸਕਿਉਰਿਟੀ ਗਾਰਡਾਂ ਦੀ ਅਚਨਚੇਤ ਹਾਜ਼ਰੀ ਚੈੱਕ ਕੀਤੀ ਤਾਂ 18 ’ਚੋਂ 4 ਸੁਰੱਖਿਆ ਗਾਰਡ ਆਏ ਹੀ ਨਹੀਂ ਸਨ ਅਤੇ 3 ਗਾਰਡ ਵੀ ਹਾਜ਼ਰੀ ਲੱਗਣ ਦੇ ਬਾਵਜੂਦ ਆਪਣੇ ਸਥਾਨਾਂ ’ਤੇ ਮੌਜੂਦ ਨਹੀਂ ਸਨ ਅਤੇ ਦੋ ਗਾਰਡ ਸੁਪਰਵਾਈਜ਼ਰ ਮੇਨ ਗੇਟ ’ਤੇ ਬੈਠੇ ਸਨ ਜਦੋਂਕਿ ਉਨ੍ਹਾਂ ਦੀ ਡਿਊਟੀ ਕਿਸੇ ਹੋਰ ਥਾਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਵਿੱਚ ਪਾਰਕ ਨਾ ਦੇ ਬਰਾਬਰ ਹਨ ਅਤੇ ਕਿਸੇ ਵੀ ਪਾਰਕ ਵਿੱਚ ਫੁੱਟਪਾਥ ਨਹੀਂ ਹੈ। ਐਸੋਸੀਏਸ਼ਨ ਵੱਲੋਂ ਆਪਣੇ ਪੱਧਰ ’ਤੇ ਇਕ ਪਾਰਕ ਵਿੱਚ ਫੁੱਟਪਾਥ ਬਣਾਇਆ ਗਿਆ ਹੈ ਜਦੋਂਕਿ ਇਹ ਕੰਮ ਬਿਲਡਰ ਦਾ ਹੈ। ਇੰਝ ਹੀ ਬਿਲਡਰ ਵੱਲੋਂ ਕਲੱਬ ਦੀ ਉਸਾਰੀ ਕੀਤੇ ਬਿਨਾਂ ਲੋਕਾਂ ਤੋਂ 50-50 ਹਜ਼ਾਰ ਦੀ ਰਾਸ਼ੀ ਵਸੂਲੀ ਗਈ ਹੈ। ਕਲੋਨੀ ਵਿੱਚ ਕੇਬਲ ਦੇ ਕੁਨੈਕਸ਼ਨ ਵੀ ਨਹੀਂ ਹਨ ਕਿਉਂਕਿ ਪ੍ਰਬੰਧਕਾਂ ਨੇ ਅੰਡਰ ਗਰਾਉਂਡ ਤਾਰਾਂ ਪਾਉਣ ਦੀ ਆਗਿਆ ਨਹੀਂ ਦੇ ਰਹੇ ਹਨ।
ਸੈਕਟਰ ਵਾਸੀਆਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਇਆ ਜਾਵੇ ਅਤੇ ਟੀਡੀਆਈ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਬੁਲਾਰਿਆਂ ਟੀਡੀਆਈ ਦੇ ਮੁੱਖ ਪ੍ਰਬੰਧਕਾਂ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਾ ਕੀਤੀਆ ਗਈਆ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਨਹੀਂ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰੇਮ ਸਿੰਘ, ਰਮਣੀਕ ਸਿੰਘ, ਫਤਹਿ ਸਿੰਘ ਸਿੱਧੂ, ਮਾ. ਗੁਰਮੁੱਖ ਸਿੰਘ, ਆਰਐਸ ਗਿੱਲ ਅਤੇ ਵੀਰ ਸੰਜੇ ਵੀ ਹਾਜ਼ਰ ਸਨ।
(ਬਾਕਸ ਆਈਟਮ)
ਉਧਰ, ਟੀਡੀਆਈ ਹਾਊਸਿੰਗ ਕੰਪਨੀ ਦੇ ਮੀਤ ਪ੍ਰਧਾਨ ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਅਤੇ ਕੰਪਨੀ ਵੱਲੋਂ ਕਲੋਨੀ ਵਿੱਚ ਬਾਕੀ ਰਹਿੰਦੇ ਕੰਮ ਤੁਰੰਤ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਬਿਜਲੀ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਸੈਕਟਰ ਵਾਸੀਆਂ ਦੀ ਮੰਗ ’ਤੇ ਲੋੜੀਂਦੇ ਕੰਮ ਕਰਵਾਏ ਜਾਣਗੇ। ਬੀਐਮਡਬਲਿਊ ਗੱਡੀ ਨੂੰ ਅੱਗ ਲਗਾਉਣ ਦੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਵੱਲੋਂ ਕਾਰਵਾਈ ਕੀਤੀ ਜਾਣੀ ਹੈ। ਉਂਜ ਉਨ੍ਹਾਂ ਕਿਹਾ ਕਿ ਇਹ ਘਟਨਾ ਕਿਸੇ ਦੀ ਨਿੱਜੀ ਰੰਜਸ਼ ਦਾ ਨਤੀਜਾ ਹੈ। ਇਸ ਲਈ ਕੰਪਨੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਸਥਾਨਕ ਵਸਨੀਕਾਂ ਦੀਆਂ ਸਾਰੀਆਂ ਮੰਗਾਂ ਨੂੰ ਸਮਾਂਬੱਧ ਕਾਰਵਾਈ ਕਰਕੇ ਪੂਰਾ ਕਰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…