
ਗਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਵਾਲਾ ਸੁਰੱਖਿਆ ਗਾਰਡ ਹੁਣ ਵੰਡ ਰਿਹੈ ਰਾਸ਼ਨ
ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਪੜ੍ਹ ਕੇ ਸੁਰੱਖਿਆ ਗਾਰਡ ਦੀ ਮਦਦ ਲਈ ਪਰਵਾਸੀ ਪੰਜਾਬੀ ਅੱਗੇ ਆਇਆ
ਜੇ ਸਰਕਾਰ ਜ਼ਮੀਨ ਮੁਹੱਈਆ ਕਰੇ ਤਾਂ ਸਕੂਲ ਬਣਾਉਣ ’ਚ ਕੀਤੀ ਜਾਵੇਗੀ ਵਿੱਤੀ ਮਦਦ: ਆਹਲੂਵਾਲੀਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਮੁਹਾਲੀ ਦੇ ਉਦਯੋਗਿਕ ਸਨਅਤੀ ਏਰੀਆ ਵਿੱਚ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਵਾਲਾ ਸੁਰੱਖਿਆ ਗਾਰਡ ਨਿਰਮਲ ਸਿੰਘ ਹੁਣ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਰਿਹਾ ਹੈ। ਹਾਲਾਂਕਿ ਆਰਥਿਕ ਪੱਖੋਂ ਉਸ ਦਾ ਹੱਥ ਕਾਫੀ ਤੰਗ ਹੈ ਪ੍ਰੰਤੂ ਇਸ ਦੇ ਬਾਵਜੂਦ ਉਹ ਪੂਰੀ ਲਗਨ ਨਾਲ ਸਮਾਜ ਸੇਵਾ ਦੀ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ। ਹੁਣ ਇਸ ਕੰਮ ਵਿੱਚ ਪਰਵਾਸੀ ਪੰਜਾਬੀ ਸੁਰਿੰਦਰ ਸਿੰਘ ਆਹਲੂਵਾਲੀਆ ਉਸ ਦੀ ਮਦਦ ਲਈ ਅੱਗੇ ਆਇਆ ਹੈ। ਕਰੋਨਾ ਮਹਾਮਾਰੀ ਦੇ ਚੱਲਦਿਆਂ ਲੌਕਡਾਊਨ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਭਾਵੇਂ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਬੰਦ ਪਿਆ ਹੈ ਪ੍ਰੰਤੂ ਇਨ੍ਹੀਂ ਦਿਨੀਂ ਉਹ ਮਜ਼ਦੂਰ ਪਰਿਵਾਰਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡ ਰਿਹਾ ਹੈ। ਇਸ ਦੇ ਨਾਲ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੇ ਕੇ ਘਰ ਬੈਠ ਕੇ ਪੜ੍ਹਨ ਲਈ ਉਤਸ਼ਾਹਿਤ ਕਰ ਰਿਹਾ ਹੈ।
ਸੁਰੱਖਿਆ ਗਾਰਡ ਨਿਰਮਲ ਸਿੰਘ ਨੇ ਦੱਸਿਆ ਕਿ ਹੁਣ ਤੱਕ 185 ਗਰੀਬ ਬੱਚਿਆਂ ਨੂੰ ਪੜ੍ਹਾ ਚੁੱਕਾ ਹੈ ਅਤੇ ਲੌਕਡਾਊਨ ਤੋਂ ਬਾਅਦ ਉਹ ਨਵੇਂ ਸਿਰਿਓਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰੇਗਾ। ਉਨ੍ਹਾਂ ਦੱਸਿਆ ਕਿ ਮਾਹੌਲ ਸੁਖਾਵਾਂ ਹੋਣ ’ਤੇ ਉਹ ਸਨਅਤੀ ਏਰੀਆ ਵਿੱਚ ਜ਼ਮੀਨ ਮਾਲਕ ਨਾਲ ਤਾਲਮੇਲ ਕਰਕੇ ਇਕ ਕੋਨੇ ਵਿੱਚ ਆਰਜ਼ੀ ਸ਼ੈੱਡ ਬਣਾ ਕੇ ਦੇਣ ਦੀ ਗੁਹਾਰ ਲਗਾਈ ਜਾਵੇਗੀ। ਜਿਸ ਦੇ ਥੱਲੇ ਬੈਠ ਕੇ ਉਹ ਬੱਚਿਆਂ ਨੂੰ ਪੜ੍ਹਾ ਸਕੇ।
ਉਧਰ, ਕੈਨੇਡਾ ਰਹਿੰਦੇ ਪਰਵਾਸੀ ਪੰਜਾਬੀ ਸੁਰਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਜਨਵਰੀ ਦੇ ਅਖੀਰ ਵਿੱਚ ਉਸ ਨੇ ‘ਮੀਡੀਆ’ ਵਿੱਚ ਪ੍ਰਕਾਸ਼ਿਤ ਖ਼ਬਰ ਪੜ੍ਹੀ ਸੀ ਕਿ ਇਕ ਸੁਰੱਖਿਆ ਗਾਰਡ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਸਬੰਧਤ ਪੱਤਰਕਾਰਾਂ ਨਾਲ ਤਾਲਮੇਲ ਕਰਕੇ ਸੁਰੱਖਿਆ ਗਾਰਡ ਨਿਰਮਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਅਤੇ ਉਸ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਸ ਨੂੰ ਵਿੱਤੀ ਮਦਦ ਭੇਜਣੀ ਸ਼ੁਰੂ ਕੀਤੀ ਗਈ।
ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ, ਸੁਰੱਖਿਆ ਗਾਰਡ ਨੂੰ ਸਕੂਲ ਚਲਾਉਣ ਲਈ ਲੋੜੀਂਦੀ ਜ਼ਮੀਨ ਮੁਹੱਈਆ ਕਰਵਾ ਦੇਵੇ ਤਾਂ ਉਹ ਸਕੂਲ ਦੀ ਉਸਾਰੀ ਲਈ ਖ਼ੁਦ ਤਾਂ ਵਿੱਤੀ ਮਦਦ ਕਰਨਗੇ ਹੀ ਸਗੋਂ ਆਪਣੇ ਹੋਰਨਾਂ ਸਾਥੀਆਂ ਨੂੰ ਇਸ ਕੰਮ ਵਿੱਚ ਮਦਦ ਪ੍ਰਦਾਨ ਕਰਨ ਲਈ ਪ੍ਰੇਰਣਗੇ। ਇਸ ਤਰ੍ਹਾਂ ਸੁਰੱਖਿਆ ਗਾਰਡ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਵੀ ਸਾਕਾਰ ਹੋ ਜਾਵੇਗਾ ਅਤੇ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਮਿਲ ਸਕੇਗੀ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਪਿੰਡ ਢੰਗਰਾਲੀ ਦਾ ਵਸਨੀਕ ਨਿਰਮਲ ਸਿੰਘ ਰੋਜ਼ਾਨਾ ਆਪਣੇ ਮੋਟਰ ਸਾਈਕਲ ’ਤੇ ਮੁਹਾਲੀ ਡਿਊਟੀ ਲਈ ਆਉਂਦਾ ਹੈ। ਉਸ ਦਾ ਸੁਪਨਾ ਅਧਿਆਪਕ ਲੱਗ ਕੇ ਕਿਸੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਸੀ ਪ੍ਰੰਤੂ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ ਪ੍ਰੰਤੂ ਹੁਣ ਉਹ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾ ਕੇ ਆਪਣਾ ਸੁਪਨਾ ਪੁਰਾ ਕਰਨ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਰੀਬ ਬੱਚਿਆਂ ਨੂੰ ਪੜ੍ਹਾ ਕੇ ਉਸ ਨੂੰ ਬਹੁਤ ਸਕੂਨ ਮਿਲਦਾ ਹੈ।