
ਆਜ਼ਾਦ ਗਰੁੱਪ ਦੇ ਉਮੀਦਵਾਰ ਕਾਹਲੋਂ ਨੇ ਦੁਬਾਰਾ ਹੋਈ ਚੋਣ ਬਾਰੇ ਦੇਖੋ ਕੀ ਕਿਹਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਆਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ ਦੋ ਬੂਥਾਂ ਦੀ ਦੁਬਾਰਾ ਹੋਈ ਚੋਣ ਸਬੰਧੀ ਚੋਣ ਪ੍ਰਕਿਰਿਆ ਪਾਰਦਰਸ਼ੀ ਰਹੀ ਹੈ ਪ੍ਰੰਤੂ ਅੱਜ ਵੀ ਹੁਕਮਰਾਨ ਧਿਰ ਨੇ ਜਾਅਲੀ ਵੋਟਾਂ ਭੁਗਤਾਨ ਦੀ ਕਥਿਤ ਕੋਸ਼ਿਸ਼ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਤਿੰਨ ਜਾਅਲੀ ਵੋਟਰ ਮੌਕੇ ’ਤੇ ਫੜਾਏ ਗਏ ਹਨ। ਇਕਾ ਦੁੱਕਾ ਜਾਅਲੀ ਆਧਾਰ ਕਾਰਡਾਂ ਦੇ ਸਹਾਰੇ ਵੋਟ ਪਾਉਣ ਦਾ ਯਤਨ ਕੀਤਾ ਗਿਆ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਸ੍ਰੀ ਕਾਹਲੋਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅੱਜ ਕਾਰਵਾਈ ਲਗਪਗ ਸੰਤੁਸ਼ਟੀ ਵਾਲੀ ਸੀ। ਉਨ੍ਹਾਂ ਕਿਹਾ ਕਿ ਅੱਜ ਬਾਕੀ ਸ਼ਹਿਰਾਂ ਦੇ ਆਏ ਚੋਣ ਨਤੀਜੇ ਉਨ੍ਹਾਂ ਦੇ ਵਾਰਡ ਦੇ ਨਤੀਜੇ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪੂਰੇ ਜ਼ਿਲ੍ਹੇ ਦੀਆਂ ਵੋਟਾਂ ਦੀ ਗਿਣਤੀ ਇਕੋ ਦਿਨ ਕਰਵਾਈ ਜਾਂਦੀ ਤਾਂ ਉਸ ਦਾ ਨਤੀਜਾ ਹੋਰ ਵੀ ਚੰਗਾ ਹੋਣਾ ਸੀ ਕਿਉਂਕਿ ਦੂਜੇ ਸ਼ਹਿਰਾਂ ਤੋਂ ਸਵੇਰੇ 10 ਵਜੇ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਸੀ।
ਉਧਰ, ਆਜ਼ਾਦ ਗਰੁੱਪ ਦੇ ਉਮੀਦਵਾਰ ਦੇ ਚੋਣ ਏਜੰਟ ਤੇ ‘ਆਪ’ ਆਗੂ ਡਾ. ਦਲੇਰ ਸਿੰਘ ਮੁਲਤਾਨੀ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਗੁਲਾਬੀ ਪੱਗ ਅਤੇ ਚਿੱਟੇ ਕੁੜਤੇ ਪਜਾਮੇ ਵਾਲੇ ਵਿਅਕਤੀਆਂ ਨੂੰ ਪੋਲਿੰਗ ਬੂਥ ਦੇ ਅੰਦਰ ਅਤੇ ਬਾਹਰ ਆਉਣ ਜਾਣ ਤੋਂ ਰੋਕਿਆ ਨਹੀਂ ਜਾ ਰਿਹਾ ਸੀ ਅਤੇ ਉਹ ਬਿਨਾਂ ਰੋਕ ਟੋਕ ਦੇ ਅੰਦਰ ਆ ਜਾ ਰਹੇ ਸੀ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਸੱਤਾਧਾਰੀ ਧਿਰ ਦਾ ਇਹ ਵਿਸ਼ੇਸ਼ ਡਰੈੱਸ ਕੋਡ ਜਾਪਦਾ ਹੈ।