ਸਹਿਜਧਾਰੀ ਸਿੱਖ ਪਾਰਟੀ ਨੇ ਟੀਵੀ ਅਦਾਕਾਰਾ ਕੁਲਵੀਰ ਕਪੂਰ ਨੂੰ ਖਰੜ ਤੋਂ ਚੋਣ ਮੈਦਾਨ ’ਚ ਉਤਾਰਿਆ
ਖਰੜ ਨਗਰ ਕੌਂਸਲ ਦੀ ਚੋਣ ਵੀ ਲੜ ਚੁੱਕੀ ਹੈ ਸਮਾਜ ਸੇਵੀ ਕੁਲਵੀਰ ਕਪੂਰ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਜਨਵਰੀ:
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਆਮ ਆਦਮੀ ਪਾਰਟੀ ਦੇ ਮਜੂਦਾ ਵਿਧਾਇਕ ਕੰਵਰ ਸੰਧੂ ਦੀ ਟਿਕਟ ਕੱਟ ਕੇ ਦਾਅਵੇਦਾਰ ਨਰਿੰਦਰ ਸ਼ੇਰਗਿੱਲ ਨੂੰ ਦਰਕਿਨਾਕ ਕਰਕੇ ਅਦਾਕਾਰਾ ਅਤੇ ਪ੍ਰਸਿੱਧ ਗਾਇਕਾ ਅਨਮੋਲ ਗਗਨ ਮਾਨ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ ਹੈ, ਉੱਥੇ ਸਹਿਜਧਾਰੀ ਸਿੱਖ ਪਾਰਟੀ ਨੇ ਵੀ ਆਪਣਾ ਰਾਜਨੀਤਿਕ ਪੈੱਤੜਾ ਖੇਲ ਦੇ ਹੋਏ ਸਮਾਜ ਸੇਵੀ ਅਤੇ ਟੀਵੀ ਅਦਾਕਾਰਾ ਕੁਲਵੀਰ ਕਪੂਰ ਉਰਫ਼ ਸ਼ੱਨੋ ਨੂੰ ਖਰੜ ਸੀਟ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨੇ ਦੱਸਿਆ ਕਿ ਮੀਡੀਆ ਨੂੰ ਦੱਸਿਆ ਕਿ ਕੁਲਵੀਰ ਕਪੂਰ ਦਾ ਪਿਛੋਕੜ ਭਾਵੇਂ ਭਾਜਪਾ ਨਾਲ ਜੁੜਿਆ ਰਿਹਾ ਹੈ ਅਤੇ ਉਹ ਭਾਜਪਾ ਦੇ ਕਈ ਉੱਚ ਅਹੁਦਿਆ ’ਤੇ ਰਹੇ ਹਨ ਅਤੇ ਉਨ੍ਹਾਂ ਖਰੜ ਤੋਂ ਨਗਰ ਕੌਂਸਲ ਦੀ ਚੋਣ ਵੀ ਲੜੀ ਸੀ ਪਰ ਉਨ੍ਹਾਂ ਦੀਆਂ ਸਮਾਜ ਵਿੱਚ ਜ਼ਿਆਦਾਤਰ ਸਰਗਰਮੀਆਂ ਬਤੌਰ ਲੇਖਕ, ਸਾਹਿਤਕਾਰ, ਅਦਾਕਾਰ ਅਤੇ ਸਮਾਜ ਸੇਵੀ ਵਜੋਂ ਰਹੀਆਂ ਹਨ। ਉਹ ਸਾਬਕਾ ਸੀਨੀਅਰ ਬਰੋਡਕਾਸਟਰ ਆਲ ਇੰਡੀਆ ਰੇਡੀਓ ਚੰਡੀਗੜ੍ਹ ਰਹੇ ਹਨ ਅਤੇ ਅਨੇਕਾ ਟੀਵੀ ਸੀਰੀਅਲਾਂ ਜਿਵੇ ਕਿ ਸੀਆਈਡੀ, ਬੜੇ ਅੱਛੇ ਲਗਤੇ ਹੈ, ਯਹਾ ਮੈਂ ਘਰ ਘਰ ਖੇਲੀ, ਹਮਨੇ ਲੀ ਹੈ ਸ਼ਪਥ, ਪੰਜਾਬੀਆਂ ਦੀ ਦਾਦਾਗਿਰੀ ਅਤੇ ਜੀ.ਪੰਜਾਬੀ ਤੇ ਹਰਭਜਨ ਭਜੀ ਕ੍ਰਿਕਟਰ ਨਾਲ ਵੀ ਕੰਮ ਕੀਤਾ ਹੈ। ਉਨ੍ਹਾਂ ਮਾਸਟਰ ਸਲੀਮ ਅਤੇ ਕਲਾਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਨਾਲ ਵੀ ਟੈਲੀ ਫਿਲਮਾ ਵਿੱਚ ਕੰਮ ਕੀਤਾ ਹੈ।
ਡਾ. ਰਾਣੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਖਰੜ ਹਲਕੇ ਦੀ ਰਾਜਨੀਤੀ ਵਿੱਚ ਪਾਸਕੂ ਦਾ ਰੋਲ ਅਦਾ ਕਰੇਗੀ ਅਤੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਨਿਜਾਤ ਦਿਵਾਉਣ ਲਈ ਹੋਕਾ ਦੇਵੇਗੀ। ਉਨ੍ਹਾਂ ਦੱਸਿਆ ਕੇ ਸਹਿਜਧਾਰੀ ਸਿੱਖ ਪਾਰਟੀ ਦਾ ਕਿਸਾਨ ਵਿੰਗ ਸ਼ੁਰੂ ਤੋਂ ਹੀ ਕਿਸਾਨ ਮਾਰੂ ਬਿੱਲਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦੇ ਨਾਲ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਵਿੱਚ ਨਾਲ ਜੁੜਿਆ ਰਿਹਾ ਹੈ ਅਤੇ ਹੁਣ ਵੀ ਹਮਖਿਆਲ ਤਾਕਤਾ ਨਾਲ ਮਿਲਕੇ ਚੋਣਾਂ ਲੜਨਗੇ ਤਾਂ ਜੋ ਪੰਜਾਬ ਨੂੰ ਰਵਾਇਤੀ ਪਾਰਟੀਆਂ ਦੇ ਚੁਗਲ ’ਚੋਂ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੁਲਵੀਰ ਕਪੂਰ ਇਮਾਨਦਾਰ, ਬੇਦਾਗ, ਗਰੀਬਾਂ ਦੀ ਹਮਦਰਦ ਅਤੇ ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਧਾਕੜ ਸ਼ਖ਼ਸੀਅਤ ਹਨ। ਲਿਹਾਜ਼ਾ ਇਸ ਤਰ੍ਹਾਂ ਦੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਉਣ ਲਈ ਵਧ ਚੜ੍ਹ ਕੇ ਚੋਣਾਂ ਵਿੱਚ ਸਹਿਯੋਗ ਦਿੱਤਾ ਜਾਵੇ।