ਮਿਸ਼ਨ-2017: ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਪਰਿਵਾਰਵਾਦ ਭਾਰੂ
ਕੈਪਟਨ, ਬੀਬੀ ਭੱਠਲ ਸਮੇਤ 8 ਸਾਬਕਾ ਵਿਧਾਇਕਾਂ, 5 ਨੌਜਵਾਨਾਂ, 6 ਅੌਰਤਾਂ ਤੇ 7 ਨਵੇਂ ਚਿਹਰੇ ਮੈਦਾਨ ’ਚ ਉਤਾਰੇ
ਅਮਨਦੀਪ ਸਿੰਘ ਸੋਢੀ
ਨਵੀਂ ਦਿੱਲੀ/ਚੰਡੀਗੜ੍ਹ, 15 ਦਸੰਬਰ: ਪੰਜਾਬ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਦੇਸ਼ ਕਾਂਗਰਸ ਵੱਖ-ਵੱਖ ਹਲਕਿਆਂ ਲਈ 61 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕਰਦਿਆਂ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਪਾਰਟੀ ਨੇ ਨੌਜਵਾਨਾਂ, ਨਵੇਂ ਚੇਹਰਿਆਂ ਅਤੇ ਤਜ਼ੁਰਬੇਕਾਰਾਂ ਵਿੱਚ ਸਹੀ ਤਾਲਮੇਲ ਬਿਠਾਉਂਦਿਆਂ ਅੌਰਤਾਂ ਨੂੰ ਵੀ ਯੋਗ ਨੁਮਾਇੰਦਗੀ ਦਿੱਤੀ ਹੈ। ਕਾਂਗਰਸ ਦੀ ਲਿਸਟ ਵਿੱਚ ਪਰਿਵਾਰਵਾਦ ਭਰੂ ਹੋਣ ਕਾਰਨ ਕਈ ਸੀਨੀਅਰ ਆਗੂ ਚੋਣ ਲੜਨ ਦੀ ਦੌੜ ’ਚੋਂ ਬਾਹਰ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਨੇ ਪਹਿਲੀ ਸੂਚੀ ਵਿੱਚ ਆਪਣੇ 31 ਮੌਜ਼ੂਦਾ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਹੈ, ਜਦਕਿ ਮਜ਼ਬੂਤ ਭਰੋਸੇਯੋਗਤਾ ਤੇ ਜਿੱਤਣ ਦਾ ਅਧਾਰ ਰੱਖਣ ਵਾਲੇ 7 ਨਵੇਂ ਚੇਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਪਹਿਲੀ ਲਿਸਟ ’ਚ ਪੰਜ ਨੌਜਵਾਨਾਂ, 6 ਅੌਰਤਾਂ, 8 ਸਾਬਕਾ ਵਿਧਾਇਕਾਂ ਤੇ ਇਕ ਸਾਬਕਾ ਐਮ.ਪੀ ਨੂੰ ਸ਼ਾਮਿਲ ਕਰਨ ਸਮੇਤ 11 ਹੋਰਨਾਂ ਨੂੰ ਮੌਕਾ ਦਿੱਤਾ ਗਿਆ ਹੈ, ਜਦਕਿ ਕਈ ਨਾਂ ਇਕ ਤੋਂ ਵੱਧ ਸ੍ਰੇਣੀਆਂ ’ਚ ਹਨ।
ਜਦਕਿ ਇਕ ਪਰਿਵਾਰ, ਇਕ ਟਿਕਟ ਨਿਯਮ ਦਾ ਪਾਲਣ ਕਰਦਿਆਂ, ਤਿੰਨ ਮੌਜ਼ੂਦਾ ਵਿਧਾਇਕਾਂ ਨੂੰ ਬਦਲਿਆ ਗਿਆ ਹੈ, ਜਿਨ੍ਹਾਂ ਵਿੱਚ ਪਟਿਆਲਾ ਸ਼ਹਿਰੀ ਤੋਂ ਪਰਨੀਤ ਕੌਰ ਦੀ ਥਾਂ ਐਤਕੀਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਚੋਣ ਲੜਨਗੇ। ਕਾਦੀਆਂ ਤੋਂ ਚਰਨਜੀਤ ਕੌਰ ਬਾਜਵਾ ਦੀ ਥਾਂ ਉਨ੍ਹਾਂ ਦੇ ਦਿਉਰ ਫਤਹਿ ਜੰਗ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਗਈ ਹੈ ਅਤੇ ਨਵਾਂ ਸ਼ਹਿਰ ਦੀ ਸੀਟ ਗੁਰਇਕਬਾਲ ਕੌਰ ਨੇ ਆਪਣੇ ਬੇਟੇ ਅੰਗਦ ਸਿੰਘ ਸੈਣੀ ਲਈ ਛੱਡੀ ਹੈ। ਨਵੇਂ ਚੇਹਰਿਆਂ ’ਚ ਅੰਗਦ ਸਿੰਘ (ਨਵਾਂ ਸ਼ਹਿਰ), ਡਾ. ਅਮਰ ਸਿੰਘ (ਰਾਏਕੋਟ), ਸੁਖਵਿੰਦਰ ਸਿੰਘ ਡੈਨੀ (ਜੰਡਿਆਲਾ), ਕੁਲਬੀਰ ਸਿੰਘ ਜ਼ੀਰਾ (ਜ਼ੀਰਾ), ਖੁਸ਼ਬਾਜ ਸਿੰਘ ਜਟਾਨਾ (ਤਲਵੰਡੀ ਸਾਬੋ), ਕੁਲਦੀਪ ਸਿੰਘ ਵੈਦ (ਗਿੱਲ) ਤੇ ਦਵਿੰਦਰ ਸਿੰਘ ਗੋਲਡੀ (ਧੂਰੀ) ਸ਼ਾਮਲ ਹਨ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਮੀਦਵਾਰਾਂ ’ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਜਿੱਤਣ ਦੀ ਕਾਬਲਿਅਤ ਨੂੰ ਮੁੱਖ ਅਧਾਰ ਰੱਖਦਿਆਂ ਪੂਰੀ ਸਾਵਧਾਨੀ ਵਰਤੀ ਗਈ ਹੈ। ਹਾਲਾਂਕਿ, ਕੁਝ ਸੀਟਾਂ ’ਤੇ ਕਈ ਚਾਹਵਾਨ ਸਨ, ਜਿਨ੍ਹਾਂ ਨੂੰ ਪਹਿਲੀ ਲਿਸਟ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ, ਲੇਕਿਨ ਉਨ੍ਹਾਂ ਨੂੰ ਸੂਬੇ ਅੰਦਰ ਪਾਰਟੀ ਦੀ ਸਰਕਾਰ ਬਣਨ ’ਤੇ ਸਥਾਨ ਦਿੱਤਾ ਜਾਵੇਗਾ। ਜਿਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਪੁਖਤਾ ਕਰਨ ਲਈ ਸਾਰੇ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਪ੍ਰਚਾਰ ਕਰਨ ਲਈ ਕਿਹਾ ਹੈ।
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ, ਜਦੋਂ ਕਿ ਮੀਤ ਪ੍ਰਧਾਨ ਸੁਨੀਲ ਜਾਖੜ ਅਬੋਹਰ ਤੋਂ ਚੋਣ ਲੜਨਗੇ, ਜਿਥੋਂ ਉਹ ਮੌਜ਼ੂਦਾ ਵਿਧਾਇਕ ਹਨ। ਇਸ ਲੜੀ ਹੇਠ, ਹੋਰ ਮਜ਼ਬੂਤ ਉਮੀਦਵਾਰਾਂ ਵਿੱਚ ਮੁਹਾਲੀ ਤੋਂ ਬਲਬੀਰ ਸਿੰਘ ਸਿੱਧੂ ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਸਿੰਘ ਬਾਦਲ ਅਤੇ ਚਮਕੌਰ ਸਾਹਿਬ (ਰਾਖਵੀਂ) ਤੋਂ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਹੈ, ਚੰਨੀ ਚਮਕੌਰ ਸਾਹਿਬ ਤੋਂ ਮੌਜ਼ੂਦਾ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਨ। ਰਾਣਾ ਗੁਰਮੀਤ ਸਿੰਘ ਸੋਢੀ ਗੁਰੂ ਹਰਸਹਾਇ ਤੋਂ ਕਾਂਗਰਸ ਦੀ ਟਿਕਟ ’ਤੇ ਲੜਨਗੇ। ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਫਤਹਿਗੜ੍ਹ ਚੂੜੀਆਂ ਸੀਟ ’ਤੇ ਨਾਮਜ਼ਦਗੀ ਦਿੱਤੀ ਗਈ ਹੈ। ਜਦਕਿ ਹਾਈ ਪ੍ਰੋਫਾਈਲ ਮਜੀਠਾ ਵਿਧਾਨ ਸਭਾ ਹਲਕੇ ਤੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਉਤਾਰਿਆ ਗਿਆ ਹੈ, ਉਥੇ ਹੀ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਚੋਣ ਲੜਨਗੇ।
ਇਸੇ ਤਰ੍ਹਾਂ ਪਹਿਲੀ ਸੂਚੀ ਵਿੱਚ ਸ਼ਾਮਲ ਹੋਰ ਪ੍ਰਮੁੱਖ ਨਾਵਾਂ ਵਿੱਚ ਮੋਗਾ ਤੋਂ ਸਾਬਕਾ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਵੈਦ (ਆਈ.ਏ.ਐਸ) ਨੂੰ ਰਾਖਵੇਂ ਵਿਧਾਨ ਸਭਾ ਹਲਕੇ ਗਿੱਲ ਤੋਂ ਟਿਕਟ ਮਿੱਲੀ ਹੈ। ਰਾਏਕੋਟ ਰਾਖਵੀਂ ਸੀਟ ਤੋਂ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਅਤੇ ਮੌਜ਼ੂਦਾ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਦੇ ਭਰਾ ਡਾ. ਅਮਰ ਸਿੰਘ ਪਾਰਟੀ ਉਮੀਦਵਾਰ ਹੋਣਗੇ। ਬਰਨਾਲਾ ਲਈ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਚੁਣਿਆ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਨੂੰ ਖੰਨਾ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਦੁਬਾਰਾ ਸਰਹਿੰਦ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਸੂਚੀ ਵਿੱਚ ਸ਼ਾਮਲ ਛੇ ਅੌਰਤਾਂ ’ਚੋਂ ਚਾਰ ਨੂੰ ਰਾਖਵੀਆਂ ਵਿਧਾਨ ਸਭਾ ਸੀਟਾਂ ਫਿਰੋਜ਼ਪੁਰ ਦਿਹਾਤੀ (ਸਤਕਾਰ ਕੌਰ), ਮਹਿਲਕਲਾਂ (ਹਰਚੰਦ ਕੌਰ ਮੌਜ਼ੂਦਾ ਵਿਧਾਇਕ), ਬੁਢਲਾਡਾ (ਰਣਜੀਤ ਕੌਰ ਭੱਟੀ) ਤੇ ਦੀਨਾਨਗਰ (ਮੌਜ਼ੂਦਾ ਵਿਧਾਇਕ ਅਰੂਨਾ ਚੌਧਰੀ) ’ਤੇ ਉਤਾਰਿਆ ਗਿਆ ਹੈ। ਜਦਕਿ ਹੋਰ ਦੋ ਅੌਰਤਾਂ ਵਿੱਚ ਮਲੇਰਕੋਟਲਾ ਤੋਂ ਸਾਬਕਾ ਵਿਧਾਇਕ ਰਜੀਆ ਸੁਲਤਾਨਾ ਤੇ ਲਹਿਰਾ ਤੋਂ ਮੌਜ਼ੂਦਾ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 25 ਸਾਲ ਦੇ ਅੰਗਦ ਸੈਨੀ, ਮੌਜ਼ੂਦਾ ਵਿਧਾਇਕ ਗੁਰ ਇਕਬਾਲ ਕੌਰ ਬਬਲੀ ਦੇ ਬੇਟੇ ਹਨ ਅਤੇ ਉਹ ਕਾਂਗਰਸ ਦੀ ਪਹਿਲੀ ਲਿਸਟ ਵਿੱਚ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਹਨ। ਪਾਰਟੀ ਨੇ ਕਾਂਗਰਸ ਕਿਸਾਨ ਸੈਲ ਦੇ ਚੇਅਰਮੈਨ ਇੰਦਰਜੀਤ ਸਿੰਘ ਜੀਰਾ ਦੇ ਬੇਟੇ ਕੁਲਬੀਰ ਸਿੰਘ ਜ਼ੀਰਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।