ਡਾ. ਕਾਵੂਰ ਦੇ ਜਨਮ ਦਿਵਸ ਮੌਕੇ ਨਵੀਂ ਤਰਕਸ਼ੀਲ ਟੀਮ ਦੀ ਚੋਣ

ਟ੍ਰਾਈਸਿਟੀ ’ਚ ਹੋਵੇਗਾ ਗਿਆਨ-ਵਿਗਿਆਨ ਦਾ ਪ੍ਰਚਾਰ, ਭੂਤਾਂ-ਪ੍ਰੇਤਾਂ ਦੇ ਨਾਂ ’ਤੇ ਲੁੱਟ ਤੋਂ ਬਚਾਉਣ ਲਈ ਕੇਂਦਰ ਸਥਾਪਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਲੋਕਾਂ ਵਿੱਚ ਗਿਆਨ-ਵਿਗਿਆਨ ਦਾ ਪ੍ਰਚਾਰ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦਾ ਆਮ ਇਜਲਾਸ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿਖੇ ਭਾਰਤ ’ਚ ਤਰਕਸ਼ੀਲ ਲਹਿਰ ਦੇ ਬਾਨੀ ਡਾ. ਇਬਰਾਹਿਮ ਟੀ. ਕਾਵੂਰ ਦੇ ਜਨਮ ਦਿਵਸ ਮੌਕੇ ਹੋਇਆ। ਇਸ ਮੌਕੇ ਅਗਲੇ ਦੋ ਸਾਲਾਂ ਲਈ ਟ੍ਰਾਸਿਟੀ ’ਚ ਵਿਗਿਆਨਿਕ ਸੋਚ ਦੇ ਪ੍ਰਚਾਰ-ਪ੍ਰਸਾਰ ਹਿੱਤ ਨਵੀਂ ਟੀਮ ਚੁਣੀ ਗਈ। ਨਵੀਂ ਚੁਣੀ ਟੀਮ ਵਿੱਚ ਲੈਕਚਰਾਰ ਸੁਰਜੀਤ ਸਿੰਘ ਨੂੰ ਜਥੇਬੰਦਕ ਮੁਖੀ, ਮਾਸਟਰ ਜਰਨੈਲ ਕ੍ਰਾਂਤੀ ਨੂੰ ਵਿੱਤ ਮੁਖੀ, ਚਰਨਜੀਤ ਕੌਰ ਨੂੰ ਮੀਡੀਆ ਇੰਚਾਰਜ, ਲੇਖਕ ਤੇ ਆਲੋਚਕ ਗੋਰਾ ਹੁਸ਼ਿਆਰਪੁਰੀ ਨੂੰ ਸੱਭਿਆਚਾਰਿਕ ਵਿਭਾਗ ਮੁਖੀ ਅਤੇ ਅਰਵਿੰਦਰ ਕੌਰ ਨੂੰ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਦਾ ਮੁਖੀ ਲਗਾਇਆ ਗਿਆ।
ਇਹ ਕਾਰਵਾਈ ਜ਼ੋਨ ਮੁਖੀ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਦੀ ਦੇਖ ਰੇਖ ਅਧੀਨ ਹੋਈ ਜੋ ਸੂਬਾ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਅਬਜ਼ਰਬਰ ਨਿਯੁਕਤ ਕੀਤੇ ਗਏ ਸਨ। ਇਸ ਮੌਕੇ ਗੱਲਬਾਤ ਦੌਰਾਨ ਨਵੇਂ ਚੁਣੇ ਗਏ ਜਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਸਿੰਘ ਤੇ ਵਿੱਤ ਮੁਖੀ ਮਾਸਟਰ ਜਰਨੈਲ ਕ੍ਰਾਂਤੀ ਨੇ ਦੱਸਿਆ ਕਿ ਭਾਰਤ ਵਿੱਚ ਤਰਕਸ਼ੀਲ ਲਹਿਰ ਦਾ ਮੁੱਢ ਡਾ. ਇਬਰਾਹਿਮ ਟੀ ਕਾਵੂਰ ਨੇ ਬੰਨ੍ਹਿਆ ਸੀ ਜੋ ਬਨਸਪਤੀ ਵਿਗਿਆਨ ਦੇ ਪ੍ਰੋਫੈਸਰ ਸਨ। ਉਹਨਾਂ ਦੇ ਜਨਮ ਦਿਵਸ (10 ਅਪ੍ਰੈਲ, 1898) ਮੌਕੇ ਇਕਾਈ ਮੋਹਾਲੀ ਵੱਲੋਂ ਨਵੀਂ ਟੀਮ ਚੁਣੀ ਗਈ ਹੈ ਜੋ ਅਗਲੇ ਦੋ ਸਾਲਾਂ ਦੌਰਾਨ ਲੋਕਾਂ ਦਾ ਸੋਚਣ ਢੰਗ ਬਣਾਉਣ ਲਈ ਕਾਰਜ ਕਰੇਗੀ। ਉਹਨਾਂ ਕਿਹਾ ਕਿ ਆਉਣ ਵਾਲੇ ਦੋ-ਸਾਲਾਂ ਦੇ ਕੰਮ ਲਈ ਵਿਉਂਤਬੰਦੀ ਕੀਤੀ ਗਈ, ਜਿਸ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਹਿੱਤ ਵੱਧ ਜ਼ੋਰ ਦਿੱਤਾ ਜਾਵੇਗਾ।
ਇਸ ਤੋਂ ਬਿਨਾਂ ਪਿੰਡਾਂ ਵਿਚ ਇਸ ਸੋਚ ਨੂੰ ਪ੍ਰਫੁੱਲਤ ਕਰਨ ਲਈ ਅਤੇ ਆਮ ਲੋਕਾਂ ਨੂੰ ਵਹਿਮਾਂ ਭਰਮਾਂ ’ਚੋਂ ਕੱਢਣ ਲਈ ਸੁਸਾਇਟੀ ਵਲੋਂ ਤਿਆਰ ਕੀਤੀ ਫ਼ਿਲਮਾਂ ਵਿਖਾਈਆਂ ਜਾਣਗੀਆਂ। ਤਰਕਸ਼ੀਲ ਸੁਸਾਇਟੀ ਦੇ ਦੋ-ਮਾਸਕ ਮੈਗਜ਼ੀਨ ‘ਤਰਕਸ਼ੀਲ’ ਨੂੰ ਵੱਧ ਤੋ ਵੱਧ ਲੋਕਾਂ ਦੇ ਹੱਥਾਂ ਤਕ ਪਹੁੰਚਾਉਣ ਲਈ ਮੁਹਿੰਮ ਵੀ ਵਿੱਢੀ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਸੁਸਾਇਟੀ ਵਲੋਂ ਛਾਪੇ ਤਰਕਸ਼ੀਲ ਸਾਹਿਤ ਨੂੰ ਵੀ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨੀਆਂ ਲਾ ਕੇ ਲੋਕਾਂ ਦੇ ਪੜ੍ਹਨ ਹਿੱਤ ਰੱਖਿਆ ਜਾਵੇਗਾ। ਲੋਕਾਂ ਨੂੰ ਭੂਤਾਂ-ਪ੍ਰੇਤਾਂ ਦੇ ਨਾਂ ’ਤੇ ਲੁੱਟੇ ਜਾਣ ਤੋਂ ਬਚਾਉਣ ਲਈ ਲਾਇਬ੍ਰੇਰੀ ਦੀ ਪਹਿਲੀ ਮੰਜ਼ਿਲ ’ਤੇ ਮਾਨਸਿਕ ਸਿਹਤ ਮਸ਼ਵਰਾ ਕੇਂਦਰ ਦੀ ਵੀ ਸਥਾਪਨਾ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…