
ਗਿਆਨ ਜਯੋਤੀ ਰੋਟਰੈਕਟ ਕਲੱਬ ਦੇ ਸਥਾਪਨਾ ਸਮਾਰੋਹ ਮੌਕੇ ਨਵੀਂ ਟੀਮ ਦੀ ਚੋਣ
ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ:
ਸਮਾਜ ਭਲਾਈ ਕਾਰਜਾਂ ਵਿੱਚ ਮੋਹਰੀ ਰੋਟਰੈਕਟ ਕਲੱਬ ਵੱਲੋਂ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਵਿੱਚ ਸਥਾਪਨਾ ਸਮਾਰੋਹ ਮੌਕੇ ਸਾਲ 2023-24 ਦੀ ਨਵੀਂ ਟੀਮ ਚੋਣ ਕੀਤੀ ਗਈ। ਇਸ ਸਬੰਧੀ ਰੋਟਰੈਕਟ ਕਲੱਬ ਗਿਆਨ ਜਯੋਤੀ ਦੇ ਕੈਂਪਸ ਆਡੀਟੋਰੀਅਮ ਵਿੱਚ ਅਹੁਦਾ ਸੰਭਾਲ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਰੋਟਰੀ ਕਲੱਬ ਦੇ ਸਹਾਇਕ ਗਵਰਨਰ ਮੋਹਿਤ ਸਿੰਗਲਾ, ਜ਼ਿਲ੍ਹਾ ਸਕੱਤਰ ਚਿਨਮਯ ਅਭੀ ਅਤੇ ਆਰਟੀਐਨਆਰ ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਦੇ ਪ੍ਰਧਾਨ ਸਰਬ ਮਰਵਾਹਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ਸਮਾਗਮ ਦੀ ਪ੍ਰਧਾਨਗੀ ਗਿਆਨ ਜਯੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕੀਤੀ।
ਇਸ ਮੌਕੇ ਸੈਂਕੜੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਗਿਆਨ ਜਯੋਤੀ ਰੋਟਰੀ ਕਲੱਬ ਦੀ ਨਵੀਂ ਟੀਮ ਨੂੰ ਅਹੁਦੇ ਦਾ ਚਾਰਜ ਸੌਂਪਦੇ ਹੋਏ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਨੈਤਿਕ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਰੋਟਰੀ ਕਲੱਬ ਦੇ ਗਵਰਨਰ ਮੋਹਿਤ ਸਿੰਗਲਾ ਨੇ ਨੌਜਵਾਨ ਆਗੂਆਂ ਨੂੰ ਇਸ ਜ਼ਿੰਮੇਵਾਰੀ ਦੀ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨੂੰ ਸਮਾਜ ਨੂੰ ਬਿਹਤਰੀਨ ਬਣਾਉਣ ਲਈ ਸਕਾਰਾਤਮਿਕ ਤੌਰ ’ਤੇ ਪ੍ਰਭਾਵਿਤ ਕਰਨ ਵਾਲੇ ਸੇਵਾ ਪ੍ਰਾਜੈਕਟਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।
ਜ਼ਿਲ੍ਹਾ ਰੋਟਰੀ ਕਲੱਬ ਦੇ ਸਕੱਤਰ ਚਿਨਮਯ ਅਭੀ ਨੇ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਸੰਸਥਾ ਦੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਕਾਰਾਤਮਿਕ ਤਬਦੀਲੀ ਲਿਆਉਣ ਲਈ ਰੋਟਰੀ ਦੇ ਵਿਸ਼ਾਲ ਨੈੱਟਵਰਕ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਗਿਆਨ ਜਯੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਚੇਅਰਮੈਨ ਜੇਐੱਸ ਬੇਦੀ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਅੱਗੇ ਆਉਣ ਅਤੇ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ।