nabaz-e-punjab.com

ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਵਿੱਚ ਵੱਧ ਰੇਟ ’ਤੇ ਸੈਨੇਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ

ਮੁਹਾਲੀ ਵਿੱਚ 56 ਰੁਪਏ ਦਾ ਮਾਸਕ 325 ਰੁਪਏ, ਦਸਤਾਨੇ ਦਾ ਜੋੜਾ 45 ਦੀ ਥਾਂ 90 ਰੁਪਏ ’ਚ ਵੇਚਿਆ ਜਾ ਰਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਸੂਬੇ ਭਰ ਵਿੱਚ ਸਖ਼ਤੀ ਨਾਲ ਲਗਾਏ ਗਏ ਕਰਫਿਊ ਦੌਰਾਨ ਸੈਨੇਟਾਈਜ਼ਰ, ਮਾਸਕ ਅਤੇ ਦਸਤਾਨੇ ਵੱਧ ਭਾਅ ’ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬੀਕੇ ਉੱਪਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਜੀਲੈਂਸ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਅਤੇ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਉੱਡਣ ਦਸਤੇ ਦੀ ਟੀਮ ਇੱਥੋਂ ਦੇ ਫੇਜ਼-3ਬੀ2 ਵਿੱਚ ਇੰਡਸ ਫਾਰਮੇਸੀ ਦੇ ਮਾਲਕ ਦਿਨੇਸ਼ ਕੁਮਾਰ ਨੂੰ ਮਹਿੰਗੇ ਭਾਅ ਵਿੱਚ ਸਮਾਨ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਨੂੰ ਵਿਜੀਲੈਂਸ ਦੇ ਉੱਡਣ ਦਸਤੇ ਦੇ ਏਆਈਜੀ ਅਸ਼ੀਸ਼ ਕਪੂਰ ਦੀ ਨਿਗਰਾਨੀ ਵਾਲੀ ਟੀਮ ਨੇ ਅੰਜਾਮ ਦਿੱਤਾ।
ਏਆਈਜੀ ਅਸ਼ੀਸ਼ ਕਪੂਰ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਅਤੇ ਸ਼ਿਕਾਇਤਾਂ ਦੇ ਆਧਾਰ ’ਤੇ ਵਿਜੀਲੈਂਸ ਦੀ ਟੀਮ ਨੇ ਉਕਤ ਦਵਾਈਆਂ ਦੀ ਦੁਕਾਨ ’ਤੇ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ ਤਾਂ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਦਵਾਈਆਂ ਦੀ ਉਕਤ ਦੁਕਾਨ ’ਤੇ ਸੈਨੇਟਾਈਜ਼ਰ ਅਤੇ ਮਾਸਕ ਆਮ ਰੇਟ ਤੋਂ ਬਹੁਤ ਜ਼ਿਆਦਾ ਵੱਧ ਰੇਟਾਂ ਉੱਤੇ ਵੇਚੇ ਜਾ ਰਹੇ ਸਨ। ਵਿਜੀਲੈਂਸ ਨੇ ਦਵਾ ਵਿਕਰੇਤਾ ਨੂੰ ਵੱਧ ਰੇਟ ’ਤੇ ਮਾਸਕ ਅਤੇ ਸੈਨੇਟਾਈਜ਼ਰ ਵੇਚਣ ਦੇ ਦੋਸ਼ ਵਿੱਚ ਕਾਬੂ ਕਰ ਲਿਆ। ਕੈਮਿਸਟ ਦੇ ਖ਼ਿਲਾਫ਼ ਥਾਣਾ ਮਟੌਰ ਵਿਖੇ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ 65 ਰੁਪਏ ਦਾ ਮਾਸਕ 325 ਤੋਂ 350 ਰੁਪਏ ਵਿੱਚ ਵੇਚਿਆ ਜਾ ਰਿਹਾ ਸੀ। ਜਦੋਂਕਿ ਸੈਨੇਟਾਈਜ਼ਰ ਵੀ ਦੁੱਗਣੇ ਭਾਅ ’ਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ ਦੌਰਾਨ ਪੀੜਤ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਚੁੱਕ ਕੇ ਵਧ ਕੀਮਤਾਂ ਦੇ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸ਼ਿਕਾਇਤ ਦਿੱਤੀ ਜਾਵੇ ਤਾਂ ਜੋ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਲਾ ਬਾਜ਼ਾਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਬੀਕੇ ਉੱਪਲ ਨੇ ਪਹਿਲਾਂ ਹੀ ਵਿਜੀਲੈਂਸ ਦੇ ਸਮੂਹ ਅਧਿਕਾਰੀਆਂ ਨੂੰ ਵੱਖ ਵੱਖ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਅਤੇ ਪੁਲੀਸ ਨਾਲ ਤਾਲਮੇਲ ਰੱਖਣ ਅਤੇ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਹਾਇਤਾ ਕਰਨ ਦਾ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜ਼ਰੂਰੀ ਵਸਤੂਆਂ ਨੂੰ ਭੰਡਾਰ ਕਰਨ ਜਾਂ ਮੁਨਾਫ਼ਖੋਰੀ ਕਰਨ ਵਾਲਿਆਂ ਸਮੇਤ ਕਰੋਨਾਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਨੂੰ ਲਾਗੂ ਕਰਨ ਵਿਚ ਜਾਣਬੁੱਝ ਕੇ ਬੇਨਿਯਮੀਆਂ ਕਰਨ ਵਾਲਿਆਂ ’ਤੇ ਵੀ ਕਰੜੀ ਨਜ਼ਰ ਰੱਖੀ ਜਾਵੇ ਤਾਂ ਜੋ ਆਮ ਨਾਗਰਿਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਉਧਰ, ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਦੁਕਾਨਦਾਰ ਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਥਾਣੇ ਵਿੱਚ ਹੀ ਜ਼ਮਾਨਤ ਲੈ ਕੇ ਫਿਲਹਾਲ ਤਾੜਨਾ ਕਰਕੇ ਛੱਡਿਆ ਗਿਆ ਹੈ। ਜੇਕਰ ਫਿਰ ਤੋਂ ਅਜਿਹਾ ਕਰਨਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
(ਬਾਕਸ ਆਈਟਮ)
ਉਧਰ, ਇੱਥੋਂ ਦੇ ਫੇਜ਼-4 ਦੇ ਵਸਨੀਕ ਭੋਲਾ ਸਿੰਘ ਨੇ ਦੱਸਿਆ ਕਿ ਉਸ ਨੇ ਪੀਟੀਐਲ ਚੌਕ ਨੇੜੇ ਫੇਜ਼-5 ਦੀ ਮਾਰਕੀਟ ’ਚੋਂ ਇਕ ਕੈਮਿਸਟ ਵਾਲੇ ਤੋਂ ਦਸਤਾਨੇ ਖ਼ਰੀਦੇ ਸੀ। ਦੁਕਾਨਦਾਰ ਨੇ 45 ਰੁਪਏ ਦਸਤਾਨੇ ਦਾ ਜੋੜਾ ਉਸ ਨੂੰ 90 ਰੁਪਏ ਦਾ ਵੇਚਿਆ ਗਿਆ। ਇਹੀ ਨਹੀਂ ਦੁਕਾਨਦਾਰ ਏਨਾ ਜ਼ਿਆਦਾ ਬੇਖ਼ੌਫ਼ ਸੀ ਕਿ ਉਸ ਨੇ ਪੱਕਾ ਬਿੱਲ ਵੀ ਬਣਾ ਕੇ ਦਿੱਤਾ ਗਿਆ ਜਦੋਂਕਿ 10 ਦਿਨ ਪਹਿਲਾਂ ਇਸੇ ਦੁਕਾਨ ਤੋਂ ਉਸ ਨੇ ਦਸਤਾਨੇ 45 ਰੁਪਏ ’ਚ ਖ਼ਰੀਦੇ ਸੀ। ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਸਾਬਣ ਤੋਂ ਅਲਰਜੀ ਹੈ ਅਤੇ ਭਾਂਡੇ ਧੌਣ ਵੇਲੇ ਹੱਥਾਂ ਵਿੱਚ ਦਸਤਾਨੇ ਪਾਉਣੇ ਪੈਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾ ਸਮਾਨ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…