
ਸੋਹਾਣਾ ਹਸਪਤਾਲ ਵੱਲੋਂ ਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼ਾਂ ਲਈ ਸੈਮੀਨਾਰ ਆਯੋਜਿਤ
ਸੋਹਾਣਾ ਹਸਪਤਾਲ ਵਿੱਚ ਹਨ ਗੋਡੇ ਬਦਲਣ ਦੇ ਸੰਸਾਰ ਪ੍ਰਸਿੱਧ ਸਰਜਨ: ਡਾ. ਗਗਨਦੀਪ ਸਚਦੇਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਇੱਥੋਂ ਦੇ ਸੋਹਾਣਾ ਹਸਪਤਾਲ ਦੇ ਸਰਜਨ ਡਾ. ਗਗਨਦੀਪ ਸਿੰਘ ਸਚਦੇਵਾ ਵੱਲੋਂ ‘ਗੋਡੇ ਬਦਲਣ ਦੀ ਸਰਜਰੀ ਕਦੋਂ ਜ਼ਰੂਰੀ’ ਵਿਸ਼ੇ ’ਤੇ ਅੱਜ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਬਹੁਤ ਛੋਟੀ ਉਮਰ ਵਿੱਚ ਗੋਡਿਆਂ ਦੀਆਂ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਮਰੀਜ਼ ਦੀ ਰੋਜ਼ਾਨਾ ਦੀ ਜ਼ਿੰਦਗੀ ਕਾਫੀ ਮੁਸ਼ਕਲ ਭਰੀ ਹੋ ਜਾਂਦੀ ਹੈ। ਰੋਜ਼ਾਨਾ ਦੀ ਕੰਮ ਨਾ ਕਰ ਸਕਣਾ, ਹਰ ਸਮੇਂ ਦਰਦ ਨਾਲ ਕੁਰਲਾਉਣਾ ਆਮ ਜਿਹੀ ਗੱਲ ਹੋ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਇਸ ਨਾਲ ਹੋਰ ਬਹੁਤ ਸਾਰੀਆਂ ਬੀਮਾਰੀਆਂ ਸਰੀਰ ਨੂੰ ਜਕੜਨਾ ਸ਼ੁਰੂ ਕਰ ਦਿੰਦੀਆਂ ਹਨ।
ਜਿਵੇਂ ਸ਼ੂਗਰ ਦੀ ਬਿਮਾਰੀ, ਪੇਟ ਦੀਆਂ ਬੀਮਾਰੀਆਂ, ਥਾਇਰਡ ਦੀ ਬੀਮਾਰੀ। ਉਨ੍ਹਾਂ ਦੱਸਿਆ ਕਿ ਮਰੀਜ਼ ਚੰਗੀ ਤਰ੍ਹਾਂ ਤੁਰ ਫਿਰ ਨਾ ਸਕਣ ਕਾਰਨ ਸਰੀਰ ਦਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਮਰੀਜ਼ ਨੂੰ ਅੱਗੇ ਜਾ ਕੇ ਬਹੁਤ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੋਡਿਆਂ ਦੇ ਦਰਦ ਤੋਂ ਪੀੜਤ ਮਰੀਜ਼ ਨੂੰ ਬੈੱਡ ’ਤੇ ਬੈਠਣ ਦੀ ਨੌਬਤ ਤੱਕ ਆ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦੇ ਗੋਡੇ ਬਿਲਕੁਲ ਖ਼ਰਾਬ ਹੋ ਚੁੱਕੇ ਹਨ, ਤੁਰਨਾ ਫਿਰਨਾ ਅੌਖਾ ਹੈ, ਅਸਹਿ ਦਰਦ ਅਤੇ ਲੱਤਾਂ ਟੇਢੀਆਂ ਹੋ ਗਈਆਂ ਹਨ ਤਾਂ ਅਜਿਹੇ ਮਰੀਜ਼ਾਂ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਮਰੀਜ਼ ਠੀਕ ਸਮੇਂ ’ਤੇ ਗੋਡਿਆਂ ਦੀ ਸਰਜਰੀ ਕਰਵਾ ਲੈਣ ਤਾਂ ਥਾਇਰਡ, ਸ਼ੂਗਰ ਅਤੇ ਹੋਰ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਗੋਡਿਆਂ ਦੀ ਸਫਲ ਸਰਜਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਸਚਦੇਵਾ ਨੇ ਦੱਸਿਆ ਕਿ ਇੰਟਰਨੈੱਟ ਦੇ ਯੁੱਗ ਵਿੱਚ ਨਵੀਂ ਪੀੜ੍ਹੀ ਗੋਡੇ ਬਦਲਣ ਦੇ ਅਪਰੇਸ਼ਨ ਬਾਰੇ ਬਹੁਤ ਕੁਝ ਸਮਝ ਚੁੱਕੀ ਹੈ। ਜਿਸ ਸਦਕਾ ਨੌਜਵਾਨ ਰੋਜ਼ਾਨਾ ਆਪਣੇ ਬਜ਼ੁਰਗਾਂ ਨੂੰ ਹਸਪਤਾਲ ਵਿੱਚ ਗੋਡਿਆਂ ਦੀ ਸਰਜਰੀ ਲਈ ਲੈ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਵਿੱਚ ਇਹ ਗਲਤ ਧਾਰਨਾ ਬਣੀ ਹੋਈ ਸੀ ਕਿ ਸਰਜਰੀ ਤੋਂ ਬਾਅਦ ਮਰੀਜ਼ ਚੰਗੀ ਤਰ੍ਹਾਂ ਚੱਲ ਨਹੀਂ ਪਾਉਂਦਾ, ਪ੍ਰੰਤੂ ਇਸ ਧਾਰਨਾ ਨੂੰ ਗਲਤ ਸਾਬਤ ਕਰਦੇ ਹੋਏ ਸੈਮੀਨਾਰ ਵਿੱਚ ਮੌਜੂਦ ਕਈ ਮਰੀਜ਼ਾਂ ਨੇ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਫਰਸ਼ ’ਤੇ ਚੌਂਕੜੀ ਮਾਰ ਕੇ ਦਿਖਾਈ ਅਤੇ ਦੱਸਿਆ ਕਿ ਉਹ ਰੋਜ਼ਾਨਾ 5 ਤੋਂ 6 ਕਿੱਲੋਮੀਟਰ ਸੈਰ ਵੀ ਕਰਦੇ ਹਨ। ਸੈਮੀਨਾਰ ਦੇ ਅਖੀਰ ਵਿੱਚ ਹਸਪਤਾਲ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਕੁਮਾਰ ਸੂਰੀ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਵੱਲੋਂ ਲੋਕ ਭਲਾਈ ਵਿੱਚ ਸਮੇਂ ਸਮੇਂ ’ਤੇ ਅਜਿਹੇ ਜਾਗਰੂਕਤਾ ਪ੍ਰੋਗਰਾਮ, ਕੈਂਪ ਅਤੇ ਸੈਮੀਨਾਰ ਕਰਵਾਏ ਜਾਂਦੇ ਰਹਿਣਗੇ।