ਸ਼ਿਵਾਲਿਕ ਸਕੂਲ ਦੇ ਆਡੀਟੋਰੀਅਮ ਵਿੱਚ ਕੌਮੀ ਵਿਰਾਸਤ ਅਤੇ ਵਾਰਸਾਂ ਨੂੰ ਚੁਣੌਤੀਆਂ ਤੇ ਵਿਕਲਪ’ ਵਿਸ਼ੇ ’ਤੇ ਸੈਮੀਨਾਰ

ਪੰਥ ਦੇ ਭਲੇ ਲਈ ਸਮੁੱਚੀ ਕੌਮ ਨੂੰ ਭਾਈ ਰਣਜੀਤ ਸਿੰਘ ਦੀ ਅਗਵਾਈ ਕਬੂਲਣ ਦੀ ਜ਼ੋਰਦਾਰ ਅਪੀਲ, ਪੰਡਾਲ ਵਿੱਚ ਗੂੰਜ਼ੇ ਜੈਕਾਰੇ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਦੇ ਆਡੀਟੋਰੀਅਮ ਵਿੱਚ ‘ਕੌਮੀ ਵਿਰਾਸਤ ਅਤੇ ਵਾਰਸਾਂ ਨੂੰ ਚੁਣੌਤੀਆਂ ਤੇ ਵਿਕਲਪ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੀ। ਭਾਈ ਰਣਜੀਤ ਸਿੰਘ ਨੇ ਕੌਮੀ ਵਿਰਾਸਤ ਤੇ ਵਾਰਸਾਂ ਨੂੰ ਚੁਣੌਤੀਆਂ ਤੇ ਵਿਕਲਪ ਵਿਸ਼ੇ ’ਤੇ ਮਤਾ ਪੇਸ਼ ਕਰਦਿਆਂ ਕਿਹਾ ਕਿ ਸਿੱਖ ਕੌਮ ਇੱਕ ਨਿਵੇਕਲਾ ਅਤੇ ਵਿਲੱਖਣਤਾ ਵਾਲਾ ਵਿਰਸਾ ਰਿਹਾ ਹੈ। ਇਸ ਪੁਰਾਤਨ ਵਿਰਸੇ ’ਤੇ ਵਿਚਾਰ ਦੀ ਪਹਿਰੇਦਾਰੀ ਕਰਨੀ ਹਰ ਗੁਰਸਿੱਖ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੌਮ ਨੂੰ ਦਰਪੇਸ਼ ਚੁਣੌਤੀਆਂ ਸਭ ਦੇ ਸਾਹਮਣੇ ਹਨ। ਸਿਧਾਂਤਾ ਦੀ ਪਹਿਰੇਦਾਰੀ ਕਰਨਾ ਸਮੇਂ ਦੀ ਸਖ਼ਤ ਜ਼ਰੂਰਤ ਹੈ।
ਉਨ੍ਹਾਂ ਨੇ ਪੁਰਾਤਨਤਾ ਨੂੰ ਵਰਤਮਾਨਤਾ ਨਾਲ ਲੈ ਕੇ ਚੱਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਰੰਪਰਾਵਾਂ ਸਿਧਾਂਤਾ ਅਤੇ ਅਕਾਲ ਤਖ਼ਤ ਸਾਹਿਬ ਪ੍ਰਭੂਸਤਾ ਨੂੰ ਲੱਗੀ ਢਾਹ ਨੂੰ ਦੁਬਾਰਾ ਸੁਰਜੀਤੀ ਅਤੇ ਉਸਾਰੂ ਸੋਚ ਲੈ ਕੇ ਅੱਜ ਕੌਮ ਨੂੰ ਇੱਕ ਸਰਬਪ੍ਰਵਾਨਿਤ, ਸੁੱਚੇ ਸੱਚੇ ਅਤੇ ਇਮਾਨਦਾਰ ਤੇ ਨਿਧੜਕ ਆਗੂ ਦੀ ਲੋੜ ਹੈ, ਜੋ ਕਿ ਪਰਿਵਾਰਵਾਦ ਤੋਂ ਉੱਪਰ ਉੱਠ ਕੇ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਵੇ। ਇਸ ਮੌਕੇ ਅੱਜ ਦੇ ਇਸ ਪੰਥਕ ਇਕੱਠ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਰਣਜੀਤ ਸਿੰਘ ਨੂੰ ਸਮੁੱਚੀ ਕੌਮ ਨੂੰ ਇੱਕ ਲੜੀ ਵਿੱਚ ਪ੍ਰੋਣ ਅਤੇ ਪੰਥ ਦੀ ਅਗਵਾਈ ਕਰਨ ਦੇ ਯੋਗ ਸਮਝਦਿਆਂ ਉਨ੍ਹਾਂ ਦੀ ਅਗਵਾਈ ਕਬੂਲਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਪਹਿਲਾਂ ਗੁਰੂ ਨਾਨਕ ਦੇਵ ਕੋਲ ਮਹਾਰਾਜ ਰਣਜੀਤ ਸਿੰਘ ਵਰਗੇ ਯੋਧੇ ਸਨ। ਜਿਨ੍ਹਾਂ ਨੇ ਸਰਬੱਤ ਦੇ ਭਲੇ ਲਈ ਕੰਮ ਕੀਤਾ ਹੈ ਅਤੇ ਹੁਣ ਵੀ ਗੁਰੂ ਨਾਨਕ ਦੇ ਵੰਸ਼ ਕੋਲ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਮੌਜੂਦ ਹਨ, ਜੋ ਖਿੰਡੇ ਹੋਏ ਪੰਥ ਨੂੰ ਇਕ ਲੜੀ ਵਿੱਚ ਪ੍ਰੋਣ ਲਈ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਸਮੁੱਚੀ ਕੌਮ ਨੂੰ ਜਥੇਦਾਰ ਹੁਰਾਂ ਦੀ ਅਗਵਾਈ ਕਬੂਲਣ ਦੀ ਅਪੀਲ ਕੀਤੀ।
ਇਸ ਮੌਕੇ ਸਿੱਖ ਸੰਗਤ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਅਤੇ ਸਮੁੱਚੇ ਪੰਥ ਦੀ ਏਕਤਾ ਲਈ ਹਾਜ਼ਰ ਸਿੱਖ ਆਗੂਆਂ ਅਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ਼ ਵਿੱਚ ਭਾਈ ਰਣਜੀਤ ਸਿੰਘ ਦੇ ਨਾਂ ਨੂੰ ਪ੍ਰਵਾਨਗੀ ਦਿੱਤੀ ਗਈ। ਬੁਲਾਰਿਆਂ ਨੇ ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋਏ ਇੱਕ ਸਿਆਸੀ ਪਰਿਵਾਰ ਨੂੰ ਲਾਂਭੇ ਕਰਕੇ ਸਿੱਖ ਕੌਮ ਦੇ ਹੋਏ ਭਾਰੀ ਸਿਧਾਂਤਕ ਨੁਕਸਾਨ ਦੀ ਭਰਪਾਈ ਲਈ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਸੰਤ ਸਮਾਜ ਤੋਂ ਬਾਬਾ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਤੇ ਗੁਰਵਿੰਦਰ ਸਿੰਘ ਸ਼ਾਮਪੁਰਾ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਛੂਮਛੇੜੀ, ਹਰਿਆਣਾ ਤੋਂ ਜਥੇਦਾਰ ਦੀਦਾਰ ਸਿੰਘ ਨਲਵੀ, ਸੇਵਾਮੁਕਤ ਆਈਏਐਸ ਕੁਲਬੀਰ ਸਿੰਘ ਸਿੱਧੂ, ਹਜ਼ੂਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਪ੍ਰਤਾਪ ਸਿੰਘ, ਪ੍ਰੋ. ਜੋਗਿੰਦਰ ਸਿੰਘ ਬੜਿਆੜ, ਪ੍ਰੋ. ਸੁਰਿੰਦਰ ਸਿੰਘ ਸੇਖੋਂ, ਦਮਦਮੀ ਟਕਸਾਲ ਤੋਂ ਪੰਜ ਪਿਆਰਿਆਂ ਦੇ ਮੁਖੀ ਭਾਈ ਬਿਕਰ ਸਿੰਘ, ਨਰਿੰਦਰ ਸਿੰਘ ਟਿਵਾਣਾ, ਜਸਬੀਰ ਸਿੰਘ ਧਾਲੀਵਾਲ, ਨਿਰਮਲ ਸਿੰਘ ਸੰਧੂ, ਮੇਜਰ ਸਿੰਘ ਟਿਵਾਣਾ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਕ ਆਪ ਆਗੂ ਜੋਗਾ ਸਿੰਘ ਚੱਪੜ ਨੇ ਕੀਤਾ।
ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਆਗੂ ਗੁਰਸੇਵ ਸਿੰਘ ਹਰਪਾਲਪੁਰ, ਹਰਜਿੰਦਰ ਸਿੰਘ ਭੰਗੂ ਖੇੜਾ, ਮਨਜੀਤ ਸਿੰਘ ਟਿਵਾਣਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਭਾਈ ਸੰਤ ਸਿੰਘ ਸੋਹਾਣਾ ਸਮੇਤ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…