ਰਤਨ ਕਾਲਜ ਸੋਹਾਣਾ ਵਿੱਚ ਪੁਆਧ ਤੇ ਪੁਆਧੀ ਅਤੀਤ ਵਰਤਮਾਨ ਤੇ ਭਵਿੱਖ ਵਿਸ਼ੇ ’ਤੇ ਸੈਮੀਨਾਰ

ਬੁਲਾਰਿਆਂ ਨੇ ਪੁਆਧੀ ਬੋਲੀ ਨੂੰ ਬਚਾਉਣ ਦਾ ਹੋਕਾ, ਮੰਤਰੀ ਸਿੱਧੂ ਵੱਲੋਂ ਪੁਆਧੀ ਭਵਨ ਲਈ ਜ਼ਮੀਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਅੱਜ ਇੱਥੋਂ ਦੇ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪੁਆਧ ਤੇ ਪੁਆਧੀ ਅਤੀਤ ਵਰਤਮਾਨ ਤੇ ਭਵਿੱਖ ਵਿਸ਼ੇ ਵਾਲੇ ਇਸ ਸੈਮੀਨਾਰ ਵਿੱਚ ਡਾ ਜਸਵੰਤ ਸਿੰਘ ਪੂਨੀਆ ਨੇ ਭਾਸ਼ਾਵਾਂ ਬਾਰੇ ਭਾਵਪੂਰਤ ਪਰਚਾ ਪੇਸ਼ ਕੀਤਾ। ਉਨ੍ਹਾਂ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਜਿਸ ਦੇਸ਼ ਦੀ ਆਰਥਿਕ ਤੌਰ ’ਤੇ ਤਰੱਕੀ ਹੋਵੇਗੀ, ਉਸੇ ਦੇਸ਼ ਦੀਆਂ ਭਾਸ਼ਾਵਾਂ ਅੱਗੇ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਦਾ ਆਰਥਿਕਤਾ ਨਾਲ ਸਿੱਧਾ ਸਬੰਧ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਜਿੰਨੇ ਵੀ ਦੇਸ਼ਾਂ ਨੇ ਆਰਥਿਕ ਤੌਰ ’ਤੇ ਤਰੱਕੀ ਕੀਤੀ ਹੈ ਉਨ੍ਹਾਂ ਸਭ ਦੀਆਂ ਭਾਸ਼ਾਵਾਂ ਬਹੁਤ ਅਮੀਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਦੁਨੀਆਂ ਦੀ ਅਮੀਰ ਭਾਸ਼ਾ ਬਣਾਉਣ ਲਈ ਸਾਨੂੰ ਆਪਣੀ ਆਰਥਿਕਤਾ ਮਜ਼ਬੂਤ ਕਰਨੀ ਹੋਵੇਗੀ।
ਅੰਤਰਰਾਸ਼ਟਰੀ ਪੁਆਧੀ ਮੰਚ ਦੀ ਪ੍ਰਮੁੱਖ ਮੈਂਬਰ ਮੋਹਨੀ ਤੂਰ ਨੇ ਕੁੰਜੀਵਤ ਪਰਚਾ ਪੇਸ਼ ਕਰਦਿਆਂ ਭਗਤ ਆਸਾ ਰਾਮ ਬੈਦਵਾਣ ਦੀ ਜ਼ਿੰਦਗੀ ਅਤੇ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਪੁਆਧੀ ਅਖਾੜਾ ਪਰੰਪਰਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਪਰੰਪਰਾ ਦੌਰਾਨ ਭਗਤ ਆਸਾ ਰਾਮ ਕਦੇ ਕਿਸੇ ਕੋਲੋਂ ਅਖਾੜਾ ਲਾਉਂਣ ਦੇ ਪੈਸੇ ਨਹੀਂ ਸਨ ਲੈਂਦੇ। ਤੇ ਇਹੋ ਹੀ ਉਨ੍ਹਾਂ ਦੀ ਅਖਾੜਾ ਪਰੰਪਰਾ ਦਾ ਹੌਲੀ ਹੌਲੀ ਲੋਪ ਹੋਣ ਦਾ ਕਾਰਨ ਬਣ ਗਿਆ। ਕਿਉਂਕਿ ਇਸ ਨਾਲ ਸਿੱਧੀ ਆਰਥਿਕਤਾ ਜੁੜੀ ਹੋਈ ਸੀ। ਪੈਸੇ ਨਾ ਲੈਣ ਕਰਕੇ ਇਹ ਕਲਾ ਅਲੋਪ ਹੁੰਦੀ ਚੱਲੀ ਗਈ ਪ੍ਰੰਤੂ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਜੇ ਵੀ ਕੁਝ ਸਿਰੜੀ ਵਿਅਕਤੀ ਸਿਕੰਦਰ ਸਿੰਘ, ਸਮਰ ਸਿੰਘ ਸੰਮੀ, ਚਰਨਾ ਦਿਆਲਪੁਰੀ, ਰੋਡਾ ਸੋਹਾਣਾ ਅਤੇ ਕੇਸਰ ਸਿੰਘ ਸੋਹਾਣਾ ਵਰਗੇ ਇਸ ਪ੍ਰੰਪਰਾ ਨੂੰ ਅੱਗੇ ਤੋਰ ਰਹੇ ਹਨ। ਇਸ ਮੌਕੇ ਡਾਕਟਰ ਗੁਰਮੀਤ ਸਿੰਘ ਬੈਦਵਾਨ ਨੇ ਵੀ ਪੁਆਧੀ ਭਾਸ਼ਾ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਆਪਣਾ ਪਰਚਾ ਪੇਸ਼ ਕੀਤਾ। ਰੋਮੀ ਘੜਾਮਾਂ ਵਾਲਾ, ਦਰਸ਼ਨ ਵਿਦਰੋਹੀ ਅਤੇ ਮੋਹਣੀ ਤੂਰ ਨੇ ਇਸ ਮੌਕੇ ਪੁਆਧੀ ਗੀਤ ਪੇਸ਼ ਕਰਕੇ ਸਾਰਿਆਂ ਦਾ ਮਨੋਰੰਜਨ ਕੀਤਾ। ਗੁਰਉਪਕਾਰ ਸਿੰਘ ਗਿੱਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਸਨ ਜਿਨ੍ਹਾਂ ਨੇ ਭਗਤ ਆਸਾ ਰਾਮ ਬੈਦਵਾਨ ਦੀ ਯਾਦ ਵਿੱਚ ਉਨ੍ਹਾਂ ਦੀ ਸਮਾਧ ਤੇ ਲਾਇਬ੍ਰੇਰੀ ਸਥਾਪਿਤ ਕਰਨ ਲਈ ਦਸ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਅੰਤਰਰਾਸ਼ਟਰੀ ਪੁਆਧੀ ਮੰਚ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ੍ਰੀ ਸਿੱਧੂ ਨੇ ਇਸ ਗੱਲ ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਇਸ ਇਲਾਕੇ ਪੁਆਧ ਦੀ ਪੁਆਧੀ ਬੋਲੀ ਨੂੰ ਜ਼ਿੰਦਾ ਰੱਖਣ ਲਈ ਕਾਫੀ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਕੰਮ ਲਈ ਅੰਤਰਰਾਸ਼ਟਰੀ ਪੁਆਧੀ ਮੰਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਉਹ 1980 ਵਿੱਚ ਆਏ ਸਨ ਤੇ ਹੁਣ ਉਹ ਖੁਦ ਨੂੰ ਪੁਆਧੀ ਹੀ ਮੰਨਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੁਆਧ ਇਲਾਕੇ ਦੇ ਲੋਕ ਦਿਲ ਦੇ ਬਹੁਤ ਸਾਫ਼ ਅਤੇ ਇਮਾਨਦਾਰ ਹੁੰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸੋਹਾਣਾ ਦੇ ਸਰਕਾਰੀ ਸਕੂਲ ਦਾ ਨਾਂ ਭਗਤ ਆਸਾ ਰਾਮ ਬੈਦਵਾਨ ਦੇ ਨਾਂ ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਪੁਆਧੀ ਭਵਨ ਬਣਾਉਣ ਲਈ ਯਤਨ ਕੀਤੇ ਜਾਣਗੇ ਅਤੇ ਇਸ ਲਈ ਜ਼ਮੀਨ ਸਰਕਾਰ ਵੱਲੋਂ ਲੈ ਕੇ ਦਿੱਤੀ ਜਾਵੇਗੀ।
ਅੰਤਰਰਾਸ਼ਟਰੀ ਪੁਆਧੀ ਮੰਚ ਦੀ ਸਰਪ੍ਰਸਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਪਰਮਦੀਪ ਸਿੰਘ ਬੈਦਵਾਨ, ਹਰਦੀਪ ਸਿੰਘ ਬਠਲਾਣਾ, ਡਾਕਟਰ ਕਰਮਜੀਤ ਸਿੰਘ ਚਿੱਲਾ, ਡਾਕਟਰ ਗੁਰਮੀਤ ਸਿੰਘ ਬੈਦਵਾਣ ਅਤੇ ਹੋਰਨਾਂ ਵਲੰਟੀਅਰਾਂ ਦੇ ਸਹਿਯੋਗ ਨਾਲ ਇਹ ਸੈਮੀਨਾਰ ਬਹੁਤ ਹੀ ਸਫਲ ਰਿਹਾ। ਇਸ ਮੌਕੇ ਮੰਤਰੀ ਨੇ ਪ੍ਰਸਿੱਧ ਗੀਤਕਾਰ ਫਕੀਰ ਮੌਲੀ ਵਾਲਾ, ਬਚਨ ਸਿੰਘ ਪਹਿਲਵਾਨ ਪਿੰਡ ਕੁੰਭੜਾ, ਸਿਕੰਦਰ ਸਿੰਘ ਕੁੰਭੜਾ, ਰੋਡਾ ਸਿੰਘ ਸੋਹਾਣਾ ਅਤੇ ਕੇਸਰ ਸਿੰਘ ਸੋਹਾਣਾ ਨੂੰ ਮੰਚ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਰਤਨ ਕਾਲਜ ਸੋਹਾਣਾ ਦੇ ਐਮਡੀ ਸੁੰਦਰ ਲਾਲ ਅਗਰਵਾਲ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਜਸਵਿੰਦਰ ਕੌਰ ਦੁਰਾਲੀ, ਗੁਰਧਿਆਨ ਸਿੰਘ ਦੁਰਾਲੀ, ਕੈਬਨਿਟ ਮੰਤਰੀ ਦੇ ਓਐਸਡੀ ਹਰਕੇਸ਼ ਚੰਦ ਸ਼ਰਮਾ, ਠੇਕੇਦਾਰ ਮੋਹਨ ਸਿੰਘ ਬਠਲਾਣਾ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਉਚੇਚੇ ਤੌਰ ਤੇ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕੀਤਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…