
ਸੀਜੀਸੀ ਕਾਲਜ ਲਾਂਡਰਾਂ ਵੱਲੋਂ ਸਿੱਖਿਆ ਤੇ ਲੇਬਰ ਸੁਧਾਰਾਂ ’ਤੇ ਸੈਮੀਨਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਅੱਜ ਸਿੱਖਿਆ ਅਤੇ ਲੇਬਰ ਸੁਧਾਰ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਸਿੱਖਿਆ ਖੇਤਰ ਵਿੱਚ ਸੁਧਾਰ ਲਈ ਫੈਕਲਟੀ ਅਤੇ ਵਿਦਿਆਰਥੀਆਂ ਦੇ ਸੁਝਾਅ ਅਤੇ ਉਨ੍ਹਾਂ ਤੋਂ ਇਨਪੁੱਟ ਲੈਣਾ ਅਤੇ ਵਿਚਾਰਾਂ ਨੂੰ ਸਿੱਖਿਆ ਮੰਤਰਾਲੇ ਨਾਲ ਸਾਂਝਾ ਕਰਨ ਅਤੇ ਕਾਰਵਾਈ ਕਰਨ ਲਈ ਚਰਚਾ ਕਰਨਾ ਸੀ। ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਕੈਂਪਸ ਡਾਇਰੈਕਟਰ ਡਾ. ਪੀਐਨ ਹਰੀਸ਼ਕੇਸ਼ਾ, ਕਾਰਜਕਾਰੀ ਨਿਰਦੇਸ਼ਕ ਡਾ. ਨੀਰਜ ਸ਼ਰਮਾ, ਡਾ. ਸਚਿਨ ਆਹੂਜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਵਿੱਚ 500 ਤੋਂ ਵੱਧ ਸੀਜੀਸੀ ਲਾਂਡਰਾਂ, ਸੀਜੀਸੀ ਝੰਜੇੜੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਸੈਮੀਨਾਰ ਵਿੱਚ ਸਕਿੱਲ ਬੇਸਡ ਲਰਨਿੰਗ ਐਂਡ ਮੈਪਿੰਗ ਵੱਲ ਧਿਆਨ ਕੇਂਦਰਿਤ ਕਰਨਾ, ਖੋਜ ਅਤੇ ਵਿਕਾਸ ਗਤੀਵਿਧੀਆਂ ਲਈ ਗਰਾਂਟਾਂ ਜਾਂ ਫੰਡ ਜਾਰੀ ਕਰਨ, ਨੀਤੀਆਂ ਬਣਾਉਣਾ ਅਤੇ ਰਾਜ ਅਤੇ ਕੇਂਦਰ ਸਰਕਾਰਾਂ ਵਿਚਕਾਰ ਪ੍ਰਭਾਵੀ ਤਾਲਮੇਲ ਕਾਇਮ ਕਰਨਾ, ਏਆਈਸੀਟੀਈ ਅਤੇ ਯੂਜੀਸੀ ਵਰਗੀਆਂ ਉੱਚ ਸਿੱਖਿਆ ਵਿੱਚ ਕਾਨੂੰਨੀ ਸੰਸਥਾਵਾਂ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਨਿੱਜੀ ਅਤੇ ਜਨਤਕ ਸੰਸਥਾਵਾਂ ਲਈ ਵਿਆਪਕ ਤੌਰ ’ਤੇ ਅਨੁਕੂਲ ਬਣਾਉਣ ਵਰਗੇ ਸਬੰਧੀ ਸੁਝਾਅ ਰੱਖੇ ਗਏ। ਸੈਮੀਨਾਰ ਦੌਰਾਨ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਕੌਮਾਂਤਰੀ ਸਹਿਯੋਗ ’ਤੇ ਜ਼ੋਰ ਦੇਣਾ, ਪਾਠਕ੍ਰਮ ਡਿਜ਼ਾਈਨ ਵਿੱਚ ਸਲਾਹਕਾਰ ਅਤੇ ਫੈਸੀਲੀਟੇਟਰ ਵਜੋਂ ਉਦਯੋਗ ਦੇ ਉੱਚ ਮਾਹਰਾਂ ਦੀ ਸ਼ਮੂਲੀਅਤ ਕਰਨਾ, ਮੁਲਾਂਕਣ ਵਿੱਚ ਸੁਧਾਰਾਂ ਦੀ ਸ਼ੁਰੂਆਤ, ਸਮਾਵੇਸ਼ੀ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ, ਇਕਸਾਰ ਸਿਲੇਬਸ ’ਤੇ ਜ਼ੋਰ ਦੇਣਾ, ਬਰੇਨ ਡਰੇਨ ਨਾਲ ਨਜਿੱਠਣਾ, ਫੀਸਾਂ ਦੇ ਢਾਂਚੇ ਵਿੱਚ ਸੁਧਾਰ ਆਦਿ ਵਿਸ਼ਿਆਂ ਲਈ ਇਨਪੁੱਟ ਦਿੱਤੀ।