ਪ੍ਰਾਚੀਨ ਕਲਾ ਕੇਂਦਰ ਵਿੱਚ ਅੌਰਤਾਂ ਤੇ ਪ੍ਰੈਸ ਦੀ ਆਜ਼ਾਦੀ ਵਿਸ਼ੇ ’ਤੇ ਸੈਮੀਨਾਰ

ਸਾਫ਼ ਸੁਥਰੀ ਪੱਤਰਕਾਰਤਾ ਹੀ ਸਮਾਜ ਨੂੰ ਦਿਖਾ ਸਕਦੀ ਹੈ ਸਹੀ ਰਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਮੁਹਾਲੀ ਇਕਾਈ ਵੱਲੋਂ ਜ਼ਿਲ੍ਹਾ ਕੋਅਰਡੀਨੇਟਰ ਸਰਬਜੀਤ ਸਿੰਘ ਭੱਟੀ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਪ੍ਰਾਚੀਨ ਕਲਾ ਕੇਂਦਰ ਸੈਕਟਰ-71 ਵਿਖੇ ‘ਅਜੋਕੇ ਸਮੇਂ ਵਿੱਚ ਅੌਰਤਾਂ ਅਤੇ ਪ੍ਰੈਸ ਦੀ ਆਜ਼ਾਦੀ ਦਾ ਮਸਲਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਬਾਰ ਕੌਂਸਲ ਦੇ ਕੋ-ਚੇਅਰਮੈਨ ਬਲਜਿੰਦਰ ਸਿੰਘ ਸੈਣੀ, ਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ, ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ, ਸੂਬਾ ਜਨਰਲ ਸਕੱਤਰ ਬਿੰਦੂ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੀਡੀਆ ਕਰਮੀਆਂ, ਉੱਦਮੀ ਅੌਰਤਾਂ, ਲੇਖਕਾਂ, ਰੰਗਕਰਮੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਅਸੀਂ ਸਮਾਜ ਵਿੱਚ ਅੱਜ ਵੀ ਅੌਰਤ ਨੂੰ ਨੀਵਾਂ ਦੇਖਣ ਦੇ ਆਦੀ ਹੋ ਚੁੱਕੇ ਹਾਂ। ਜਦੋਂ ਕਿ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਮਾਤਾ ਸਵਿਤਰੀ ਬਾਈ ਫੂਲੇ ਵਰਗੀਆਂ ਅੌਰਤਾਂ ਨੇ ਅੌਰਤਾਂ ਲਈ ਵਿਦਿਆ ਦੇ ਪਸਾਰ ਲਈ ਬਹੁਤ ਕੰਮ ਕੀਤਾ। ਐਡਵੋਕੇਟ ਗੀਤਾਂਜਲੀ ਬਾਲੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹਾਜ਼ਰ ਅੌਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਚਾਨਣਾ ਪਾਇਆ। ਇੰਡੀਅਨ ਜਰਨਲਿਸਟ ਯੂਨੀਅਨ ਦੇ ਆਲ ਇੰਡੀਆ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਬੀ ਜੇ ਪੀ ਦੀ ਸਰਕਾਰ ਨੂੰ ਗੋਦੀ ਮੀਡੀਆ ਵਲੋਂ ਅਤੇ ਸਰਕਾਰ ਪੱਖੀ ਗਲਤ ਖ਼ਬਰਾਂ ਛਾਪਣ ਵਾਲੀਆਂ ਅਖ਼ਬਾਰਾਂ ਦੀ ਤਿੱਖੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਅਤੇ ਬਹੁਤ ਸਾਰੀਆਂ ਅਖ਼ਬਾਰਾਂ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾ ਕੇ ਗਲਤ ਭੂਮਿਕਾ ਨਿਭਾ ਰਹੀਆਂ ਹਨ। ਜਿਸ ਕਰਕੇ ਲੋਕ ਗੁਮਰਾਹ ਕੁਨ ਪ੍ਰਚਾਰ ਦਾ ਸ਼ਿਕਾਰ ਹੋ ਰਹੇ ਹਨ।
ਪੱਤਰਕਾਰਾਂ ਨੂੰ ਸਾਫ਼ ਸੁਥਰੀ ਪੱਤਰਕਾਰਤਾ ਨੂੰ ਜਿਉਂਦਾ ਰੱਖਣ ਲਈ ਕੁਰਬਾਨੀਆਂ ਦੇਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਇੱਕ ਪੱਤਰਕਾਰ ਨੂੰ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਸ ਨੇ ਮਾਫ਼ੀਆ ਖ਼ਿਲਾਫ਼ ਖ਼ਬਰ ਲਗਾਈ ਸੀ। ਰਾਣਾ ਆਯੂਬ ਅਤੇ ਕੇਰਲ ਦੇ ਪੱਤਰਕਾਰ ਨੂੰ ਸਰਕਾਰਾਂ ਵੱਲੋਂ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸੰਵਿਧਾਨ ਦੀ ਧਾਰਾ 19 ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਲਈ ਸਾਨੂੰ ਪ੍ਰੈਸ ਦੀ ਆਜ਼ਾਦੀ ਲਈ ਲੜਾਈ ਦੇਣੀ ਪਵੇਗੀ। ਉਨ੍ਹਾਂ ਸਾਰੇ ਜ਼ਿਲ੍ਹਾ ਯੂਨਿਟਾਂ ਨੂੰ ਸੱਦਾ ਦਿੱਤਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ‘ਪ੍ਰੈਸ ਬਚਾਓ ਦਿਵਸ‘ਦੇ ਤੌਰ ‘ਤੇ ਮਨਾਇਆ ਜਾਵੇ। ਮੈਡਮ ਬਿੰਦੂ ਸਿੰਘ ਨੇ ਕਿਹਾ ਕਿ ਅੌਰਤ ਹੀ ਇਸ ਧਰਤੀ ਉੱਤੇ ਮਰਦ ਦੀ ਵੀ ਜਨਮਦਾਤੀ ਹੈ। ਇਸ ਲਈ ਅੌਰਤ ਨੂੰ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ।
ਪੰਜਾਬੀ ਦੀ ਪ੍ਰਸਿੱਧ ਸ਼ਾਇਰਾ ਬੀਬਾ ਮਨਜੀਤ ਇੰਦਰਾ ਨੇ ਕਾਵਿਕ ਅੰਦਾਜ਼ ਵਿੱਚ ਆਪਣਾ ਭਾਸ਼ਣ ਸ਼ੁਰੂ ਕੀਤਾ ਸੀ। ਪਰ ਉਨ੍ਹਾਂ ਗੰਭੀਰ ਗੱਲ ਕਰਦਿਆਂ ਕਿਹਾ ਕਿ ਸਮਾਜਿਕ ਕੁਰੀਤੀਆਂ ਲਈ ਇਕੱਲੇ ਮਰਦ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਅੌਤਰ ਵੀ ਕਿਤੇ ਨਾ ਕਿਤੇ ਕੁਰੀਤੀਆਂ ਕਰ ਰਹੀ ਹੈ। ਸਾਨੂੰ ਸਮਾਜਿਕ ਰਿਸ਼ਤਿਆਂ ਨੂੰ ਸਮਝ ਕੇ ਇੱਕ ਦੂਜੇ ਦੇ ਪੂਰਕ ਵਜੋਂ ਵਿਚਰਨਾ ਚਾਹੀਦਾ ਹੈ। ਅੰਤ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਬਲਜਿੰਦਰ ਸਿੰਘ ਸੈਣੀ ਨੇ ਕੁਝ ਕਾਨੂੰਨੀ ਨੁਕਤਿਆਂ ਨਾਲ ਪ੍ਰੈਸ ਦੀ ਆਜ਼ਾਦੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕਦੇ ਵੀ ਸਰਕਾਰ ਦੇ ਦਮਨ ਤੋਂ ਡਰਨਾਂ ਨਹੀਂ ਚਾਹੀਦੀ। ਬਲਕਿ ਨਿੱਗਰ ਪੱਤਰਕਾਰਤਾ ਕਰਨੀ ਚਾਹੀਦੀ ਹੈ। ਉਨ੍ਹਾਂ ਬਹੁਤ ਸਾਰੇ ਪੱਤਰਕਾਰਾਂ ਵੱਲੋਂ ਪੱਤਰਕਾਰਤਾ ਨੂੰ ਨੁਕਸਾਨ ਪਹੁੰਚਾਉਣ ਅਤੇ ਛਵੀ ਖਰਾਬ ਕਰਨ ਦੀ ਵੀ ਗੱਲ ਕੀਤੀ। ਅਤੇ ਕਿਹਾ ਕਿ ਸਾਨੂੰ ਨਿਧੜਕ ਹੋ ਕੇ ਲੋਕ ਮਸਲਿਆਂ ਨੂੰ ਉਭਾਰਨਾ ਚਾਹੀਦਾ ਹੈ। ਨਹੀਂ ਤਾਂ ਲੋਕਤੰਤਰ ਦਾ ਚੌਥਾ ਸਤੰਭ ਮੰਨੀ ਜਾਂਦੀ ਪੱਤਰਕਾਰਤਾ ਕਮਜ਼ੋਰ ਹੋ ਜਾਵੇਗੀ। ਸ੍ਰੀ ਸੈਣੀ ਵੱਲੋਂ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਮੁਹਾਲੀ ਨੂੰ ਅਗਾਊਂਂ ਸਮਾਗਮਾਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਕ੍ਰਿਸ਼ਨ ਪਾਲ ਸ਼ਰਮਾ, ਰਵਿੰਦਰ ਵੈਸ਼ਨਵ, ਜਸਵਿੰਦਰ ਓਬਰਾਏ ਨੇ ਵੀ ਸੰਬੋਧਨ ਕਰਦਿਆਂ ਕੌਮਾਂਤਰੀ ਇਸਤਰੀ ਵਰ੍ਹੇਗੰਢ ਦੀ ਮਹੱਤਤਾ ਬਾਰੇ ਆਪੋ ਆਪਣੇ ਵਿਚਾਰ ਰੱਖੇ। ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ
ਇਸ ਮੌਕੇ ਪ੍ਰਮੁੱਖ ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਸਤਵੀਰ, ਗੁਰਮੀਤ ਸਿੰਘ ਸਿੰਗਲ, ਚਰਨ ਸਿੰਘ ਕੰਗ, ਮੁਲਾਜ਼ਮਾਂ ਦੇ ਆਗੂ ਸਰਬਜੀਤ ਸਿੰਘ, ਮਜ਼ਦੂਰ ਆਗੂ ਸੁਰਿੰਦਰ ਸਿੰਘ ਬਡਾਲਾ, ਬੀਬੀ ਨਿਰਵੈਰ ਕੌਰ, ਭੁਪਿੰਦਰ ਕੌਰ ਚੱਪੜਚਿੜੀ, ਸੁਰਜੀਤ ਸੁਮਨ, ਇੰਦਰਜੀਤ ਪ੍ਰੇਮੀ, ਬਾਬਾ ਗੁਰਦਿਆਲ ਸਿੰਘ, ਰੰਗਕਰਮੀ ਸੰਜੀਵਨ ਸਿੰਘ, ਜਗੀਰ ਸਿੰਘ ਢਿੱਲੋਂ ਅਤੇ ਬਹੁਤ ਸਾਰੀਆਂ ਹੋਰ ਬਹੁਤ ਸਾਰੀਆਂ ਸਨਮਾਨ ਯੋਗ ਹਸਤੀਆਂ ਨੇ ਭਾਗ ਲਿਆ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …