
ਜ਼ਿਲ੍ਹਾ ਮੁਹਾਲੀ ਦੇ ਸਾਰੇ ਸਕੂਲਾਂ ਵਿੱਚ ਕਾਨੂੰਨੀ ਜਾਗੂਕਤਾ ਮੁਹਿੰਮ ਲਈ ਸੈਮੀਨਾਰ ਲਗਾਏ ਜਾਣਗੇ: ਮੋਨਿਕਾ ਲਾਂਬਾ
ਨਿਊਜ਼ ਡੈਸਕ
ਮੁਹਾਲੀ, 8 ਦਸੰਬਰ
ਜ਼ਿਲ੍ਹਾ ਐਸਏਐਸ ਨਗਰ ਦੇ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਸਮਾਜ ਭਲਾਈ ਅਫ਼ਸਰ ਦੀ ਮਦਦ ਨਾਲ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਦੇ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਮੋਨਿਕਾ ਲਾਂਬਾ ਨੇ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਸਿੰਘ ਸਿੱਧੂ ਅਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਜੀਤ ਸਿੰਘ ਦੀ ਮੌਜੂਦਗੀ ਵਿੱਚ ਜਿਲ੍ਹਾ ਐਸ.ਏ.ਐਸ. ਨਗਰ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਸਰਕਾਰੀ ਹਾਈ ਸਕੂਲਾਂ ਦੇ ਮੁੱਖ-ਅਧਿਆਪਕਾਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ੍ਰੀਮਤੀ ਲਾਂਬਾ ਨੇ ਮੁੱਖ ਅਧਿਆਪਕਾਂ ਨੂੰ ਕਿਹਾ ਕਿ ਹਰ ਮਹੀਨੇ ਇੱਕ ਵਾਰ ਲੀਗਲ ਲਿਟਰੇਸੀ ਕਲੱਬ ਦੀ ਵੀ ਕੋਈ ਨਾ ਕੋਈ ਗਤੀਵਿਧੀ ਕਰਵਾਈ ਜਾਵੇ ਤਾਂ ਜੋ ਮੁਫ਼ਤ ਕਾਨੂੰਨੀ ਸੇਵਾਵਾਂ ਜੋ ਕਿ ਹਰ ਅਨੁਸੂਚਿਤ ਜਾਤੀ, ਜਨ-ਜਾਤੀ ਨਾਲ ਸਬੰਧਤ ਵਿਅਕਤੀ, ਹਰ ਗਰੀਬ ਵਿਅਕਤੀ ਜਿਸ ਦੀ ਸਾਲਾਨਾ ਆਮਦਨ ਡੇਢ ਲੱਖ ਤੋਂ ਘੱਟ ਹੈ ਅਤੇ ਹਰ ਹਵਾਲਾਤੀ, ਹਰ ਬੱਚਾ ਅਤੇ ਹਰ ਅੌਰਤ ਪ੍ਰਾਪਤ ਕਰਨ ਲਈ ਜਾਗਰੂਕ ਹੋ ਸਕੇ। ਉਨ੍ਹਾਂ ਦੱਸਿਆ ਕਿ ਜਿਸ ਕਿਸੇ ਨੂੰ ਵੀ ਕਾਨੂੰਨੀ ਸਹਾਇਤਾ ਦੀ ਲੋੜ ਹੈ। ਉਸ ਤੱਕ ਅਤੇ ਸਰਕਾਰ ਦੀਆਂ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤੀ ਦੀਆਂ ਸਕੀਮਾਂ ਬਾਰੇ ਬਾਰੇ ਵੱਧ ਤੋਂ ਵੱਧ ਲੋਕਾਂ ਤੱਕ ਮੁਫਤ ਕਾਨੂੰਨੀ ਸਹਾਇਤਾ ਦੀਆਂ ਸੇਵਾਵਾਂ ਨੂੰ ਪਹੁੰਚਾਉਣਾ ਸਾਡਾ ਟੀਚਾ ਹੈ ਤਾਂ ਜੋ ਇੰਨਸਾਫ ਤੋਂ ਕੋਈ ਵੀ ਵਾਂਝਾ ਨਾ ਰਹੇ।
ਸ੍ਰੀਮਤੀ ਲਾਂਬਾ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਟੀਮ ਵੱਲੋਂ ਪਹਿਲਾਂ ਹੀ ਸਮੇਂ-ਸਮੇਂ ਤੇ ਕਾਨੂੰਨੀ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਲਗਾਏ ਜਾ ਰਹੇ ਹਨ, ਪਰ ਸਕੂਲਾਂ ਦੇ ਮੁੱਖ-ਅਧਿਆਪਕਾਂ ਨੂੰ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਅਤੇ ਇਸ ਸੰਸਥਾ ਦੀਆਂ ਹੋਰ ਸਕੀਮਾਂ ਬਾਰੇ ਵਿਦਿਆਰਥੀ ਵਰਗ ਨੂੰ ਜਾਣੂ ਕਰਵਾਉਣ ਲਈ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਸ਼੍ਰੀਮਤੀ ਮੋਨਿਕਾ ਲਾਂਬਾ ਵੱਲੋਂ ਦੱਸਿਆ ਗਿਆ ਕਿ ਜੇਕਰ ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਆਪਣੀ ਕਿਸੇ ਸਮੱਸਿਆ ਬਾਰੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਹਾਇਤਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਦਫ਼ਤਰ ਵਿੱਖੇ ਸੰਪਰਕ ਕਰ ਸਕਦਾ ਹੈ। ਸੰਪਰਕ ਕਰਨ ਲਈ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦਾ ਟੋਲ ਫ੍ਰੀ ਨੰਬਰ 1968 ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਫ਼ਤਰ ਦਾ ਫੋਨ ਨੰ: ੦੧੭੨-੨੨੧੮੧੭੦ ਹੈ।