nabaz-e-punjab.com

ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ: ਇਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਤੇ ਸਟਾਫ਼ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਮੁਹਾਲੀ ਪੁਲੀਸ ਨੇ ਕੈਨੇਡਾ ਦਾ ਸਟੱਡੀ ਅਤੇ ਗਾਰਡੀਅਨ ਵੀਜ਼ਾ ਲਗਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਇੱਥੋਂ ਦੇ ਫੇਜ਼-2 ਸਥਿਤ ਇਮੀਗਰੇਸ਼ਨ ਕੰਪਨੀ ਦੇ ਪ੍ਰਬੰਧਕ ਆਸ਼ਮਾ, ਸਮੀਰ, ਅੰਮ੍ਰਿਤਪਾਲ ਸਿੰਘ, ਨਿਸ਼ਾ, ਆਰੂਹੀ, ਜਯੋਤੀ ਅਤੇ ਮਹਿਕ ਦੀਪ ਦੇ ਆਈਪੀਸੀ ਦੀ ਧਾਰਾ 406, 420, 120ਬੀ ਅਤੇ 24 ਇਮੀਗਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਦੇਰ ਸ਼ਾਮ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਇਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਅਤੇ ਸਟਾਫ਼ ਮੈਂਬਰਾਂ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੀੜਤ ਪ੍ਰੇਮ ਕੁਮਾਰ ਵਾਸੀ ਜਹਾਨ ਖੇਲਾਂ (ਹੁਸ਼ਿਆਰਪੁਰ) ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਇਸ ਸਬੰਧੀ ਪੀੜਤ ਪ੍ਰੇਮ ਕੁਮਾਰ ਨੇ ਮੁਹਾਲੀ ਦੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਉਹ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਸਟੱਡੀ ਵੀਜ਼ਾ ਅਤੇ ਆਪਣਾ ਅਤੇ ਪਤਨੀ ਦਾ ਗਾਰਡੀਅਨ ਵੀਜ਼ਾ ਲਗਾਉਣ ਲਈ ਉਕਤ ਕੰਪਨੀ ਦੇ ਫੇਜ਼-2 ਸਥਿਤ ਦਫ਼ਤਰ ਵਿੱਚ ਆਏ ਸਨ। ਕੰਪਨੀ ਦੇ ਪ੍ਰਬੰਧਕਾਂ ਨੇ ਉਨ੍ਹਾਂ ਤੋਂ ਕੈਨੇਡਾ ਦਾ ਸਟੱਡੀ ਵੀਜ਼ਾ ਅਤੇ ਗਾਰਡੀਅਨ ਵੀਜ਼ਾ ਲਗਾਉਣ ਲਈ ਕਿਸ਼ਤਾਂ ਵਿੱਚ ਕੁਲ 7 ਲੱਖ 96 ਹਜਾਰ 600 ਰੁਪਏ ਵਸੂਲੀ ਗਏ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ 3 ਮਹੀਨੇ ਬਾਅਦ ਕੈਨੇਡਾ ਦਾ ਵੀਜ਼ਾ ਲੱਗ ਜਾਵੇਗਾ। ਉਹ ਕਈ ਮਹੀਨੇ ਵੀਜ਼ਾ ਲੱਗਣ ਦੀ ਉਡੀਕ ਕਰਦੇ ਰਹੇ ਲੇਕਿਨ ਉਨ੍ਹਾਂ ਨੂੰ ਵੀਜ਼ੇ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਪ੍ਰਬੰਧਕਾਂ ਨਾਲ ਸੰਪਰਕ ਸਾਧਿਆ ਤਾਂ ਪਹਿਲਾਂ ਤਾਂ ਕੰਪਨੀ ਪ੍ਰਬੰਧਕਾਂ ਨੇ ਝੂਠੇ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਇਕ ਆਫ਼ਰ ਲੈਟਰ ਦੇ ਕੇ ਛੇਤੀ ਵੀਜ਼ਾ ਲਗਾਉਣ ਲਈ ਕਹਿ ਕੇ ਭੇਜ ਦਿੱਤਾ। ਉਨ੍ਹਾਂ ਜਦੋਂ ਆਫ਼ਰ ਲੈਟਰ ਦੀ ਪੜਤਾਲ ਕਰਵਾਈ ਤਾਂ ਪਤਾ ਲੱਗਾ ਕਿ ਉਹ ਜਾਅਲੀ ਹੈ।
ਇਸ ਤਰ੍ਹਾਂ ਉਹ ਦੁਬਾਰਾ ਕੰਪਨੀ ਦਫ਼ਤਰ ਵਿੱਚ ਗਏ ਤਾਂ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਪ੍ਰਬੰਧਕ ਕੰਪਨੀ ਦਾ ਦਫ਼ਤਰ ਛੱਡ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਡੀਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰਦਿਆਂ ਇਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਡੀਏ ਲੀਗਲ ਦੀ ਰਾਏ ਲੈਣ ਉਪਰੰਤ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਫਿਲਹਾਲ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

Load More Related Articles
Load More By Nabaz-e-Punjab
Load More In General News

Check Also

Punjab Government intensifies crackdown on illegal mining

Punjab Government intensifies crackdown on illegal mining Joint task force of mining depar…