
ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਵਿਗੜੀ, ਫੋਰਟਿਸ ਹਸਪਤਾਲ ’ਚ ਦਾਖ਼ਲ
ਨਬਜ਼-ਏ-ਪੰਜਾਬ, ਮੁਹਾਲੀ, 27 ਮਾਰਚ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਅਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਅਕਾਲੀ ਆਗੂ ਢੀਂਡਸਾ ਨੂੰ ਆਈਸੀਯੂ ਵਾਰਡ ਵਿੱਚ ਦਾਖ਼ਲ ਕਰ ਲਿਆ ਅਤੇ ਇਲਾਜ ਸ਼ੁਰੂ ਕੀਤਾ ਗਿਆ। ਉਂਜ ਵੱਡੇ ਢੀਂਡਸਾ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸੁਖਦੇਵ ਸਿੰਘ ਢੀਂਡਸਾ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਸੀ। ਉਨ੍ਹਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਉਨ੍ਹਾਂ ਦੇ ਸਪੁੱਤਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ (ਵੱਡੇ ਢੀਂਡਸਾ) ਨੂੰ ਲੈ ਕੇ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਹੁੰਚ ਗਏ। ਹਸਪਤਾਲ ਵਿੱਚ ਢੀਂਡਸਾ ਸਾਹਿਬ ਦੇ ਜਵਾਈ ਅਤੇ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਬੀਬੀ ਮਨਦੀਪ ਕੌਰ ਸਿੱਧੂ ਵੀ ਮੌਜੂਦ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮਹੀਨਾ ਕੁ ਪਹਿਲਾਂ ਵੀ ਸੁਖਦੇਵ ਸਿੰਘ ਢੀਂਡਸਾ ਚੰਡੀਗੜ੍ਹ ਵਿਚਲੇ ਆਪਣੇ ਘਰ ਵਿੱਚ ਹੀ ਅਚਾਨਕ ਜ਼ਮੀਨ ’ਤੇ ਡਿੱਗ ਪਏ ਸੀ ਅਤੇ ਉਨ੍ਹਾਂ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ ਸੀ। ਬੀਤੀ 21 ਫਰਵਰੀ ਨੂੰ ਉਨ੍ਹਾਂ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਘਰ ਵਿੱਚ ਡਿੱਗਣ ਕਾਰਨ ਅਕਾਲੀ ਆਗੂ ਦਾ ਪੱਟ ਟੁੱਟ ਗਿਆ ਸੀ। ਪੀਜੀਆਈ ਵਿੱਚ ਸਰਜਰੀ ਕਰਕੇ ਪੱਟ ਵਿੱਚ ਪਲੇਟ ਪਾਈ ਗਈ ਹੈ ਅਤੇ ਹੁਣ ਲੱਤ ਦੀ ਤਕਲੀਫ਼ ਤੋਂ ਕਾਫ਼ੀ ਰਾਹਤ ਹੈ। ਉਂਜ ਕੁੱਝ ਦਿਨ ਪਹਿਲਾਂ ਵੀ ਸੁਖਦੇਵ ਢੀਂਡਸਾ ਨੂੰ ਹਾਰਟ ਦੀ ਪ੍ਰਾਬਲਮ ਵੀ ਆ ਗਈ ਸੀ ਪਰ ਦਿਲ ਦੀ ਬੀਮਾਰੀ ਤੋਂ ਵੀ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਸਨ ਪ੍ਰੰਤੂ ਬੀਤੇ ਦਿਨੀਂ ਅਚਾਨਕ ਉਨ੍ਹਾਂ ਦੀ ਤਬੀਅਤ ਫਿਰ ਤੋਂ ਵਿਗੜ ਗਈ। ਉਨ੍ਹਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਪਰ ਹੁਣ ਉਨ੍ਹਾਂ ਦੀ ਤਬੀਅਤ ਪਹਿਲਾਂ ਨਾਲੋਂ ਠੀਕ ਹੈ। ਉਹ ਫੋਰਟਿਸ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਜੇਰੇ ਇਲਾਜ ਹਨ। ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਆਈਸੀਯੂ ’ਚੋਂ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇਗਾ।