
ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਇੱਥੋਂ ਦੇ ਸੈਕਟਰ-88 ਸਥਿਤ ਗਮਾਡਾ ਦੇ ਪੂਰਬ ਅਪਾਰਟਮੈਂਟ ਵਿੱਚ ਪੰਜਾਬ ਪੁਲੀਸ ਦੇ ਮੁਲਾਜ਼ਮ ਨੇ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰੇਸ਼ ਪਾਲ (33) ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਾਲ ਗੰਨਮੈਨ ਦੀ ਡਿਊਟੀ ਕਰ ਰਿਹਾ ਸੀ ਅਤੇ ਕਮਾਂਡੋ ਬਟਾਲੀਅਨ 3 ਵਿੱਚ ਤਾਇਨਾਤ ਸੀ। ਸੋਹਾਣਾ ਪੁਲੀਸ ਨੇ ਅੱਜ ਸ਼ਾਮ ਨੂੰ ਕਮਾਂਡੋ ਜਵਾਨ ਦੀ ਲਾਸ਼ ਫਲੈਟ ਵਿੱਚ ਬਣੇ ਨੌਕਰ ਦੇ ਰੂਮ ’ਚੋਂ ਬਰਾਮਦ ਕੀਤੀ ਗਈ।
ਜਾਂਚ ਅਧਿਕਾਰੀ ਏਐਸਆਈ ਸੰਜੇ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਪੂਰਬ ਅਪਾਰਟਮੈਂਟ ਦੇ ਜਿਸ ਫਲੈਟ ਵਿੱਚ ਕਮਾਂਡੋ ਜਵਾਨ ਰਹਿ ਰਿਹਾ ਸੀ। ਉਸ ਵਿੱਚ ਕਈ ਦਿਨਾਂ ਤੋਂ ਕਿਸੇ ਨੂੰ ਅੰਦਰ ਜਾਂ ਬਾਹਰ ਆਉਂਦੇ ਜਾਂਦੇ ਨਹੀਂ ਦੇਖਿਆ ਹੈ। ਸੂਚਨਾ ਮਿਲਣ ’ਤੇ ਸ਼ਾਮ ਨੂੰ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਫਲੈਟ ਅੰਦਰੋਂ ਬੰਦ ਸੀ। ਜਿਸ ਕਾਰਨ ਪੁਲੀਸ ਕੁੰਡੀ ਤੋੜ ਕੇ ਫਲੈਟ ਵਿੱਚ ਦਾਖ਼ਲ ਹੋਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਲੈਟ ਵਿੱਚ ਨੌਕਰ ਦੇ ਕਮਰੇ ਵਿੱਚ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਨਰੇਸ਼ ਪਾਲ ਦੀ ਲਾਸ਼ ਲਮਕ ਰਹੀ ਸੀ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਪੁਲੀਸ ਮੁਲਾਜ਼ਮ ਦੇ ਮਾਪਿਆਂ ਨੂੰ ਇਸ ਹਾਦਸੇ ਬਾਰੇ ਇਤਲਾਹ ਕਰ ਦਿੱਤੀ ਹੈ। ਮੰਗਲਵਾਰ 15 ਦਸੰਬਰ ਨੂੰ ਉਨ੍ਹਾਂ ਦੇ ਮੁਹਾਲੀ ਪਹੁੰਚ ਕੇ ਬਿਆਨ ਦਰਜ ਕਰਵਾਉਣ ਅਤੇ ਪੋਸਟ ਮਾਰਟਮ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਦੇ ਦੱਸਣ ਅਨੁਸਾਰ ਪੁਲੀਸ ਨੂੰ ਮੌਕੇ ’ਤੇ ਕਮਾਂਡੋ ਕੋਲੋਂ ਕੋਈ ਖ਼ੁਦਕੁਸ਼ੀ ਨੋਟ ਵੀ ਨਹੀਂ ਮਿਲਿਆ ਹੈ।