Share on Facebook Share on Twitter Share on Google+ Share on Pinterest Share on Linkedin ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਡਾਕਟਰਾਂ ਲਈ 250 ਗਾਊਨ, ਸੈਨੇਟਾਈਜਰ ਤੇ ਹੋਰ ਸਾਮਾਨ ਦਿੱਤਾ ਕਮਿਊਨਿਟੀ ਸੈਂਟਰਾਂ ਦੀ ਥਾਂ ਹੁਣ ਰੈਣ ਬਸੇਰਾ ਦੀਆਂ ਇਮਾਰਤਾਂ ਵਿੱਚ ਬਣਾਏ ਜਾਣਗੇ ਕੋਵਿਡ ਕੇਅਰ ਸੈਂਟਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ: ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਲਈ 250 ਡਾਕਟਰ ਗਾਊਨ, ਸੈਨੇਟਾਈਜਰ ਅਤੇ ਹੋਰ ਜ਼ਰੂਰੀ ਡਾਕਟਰੀ ਵਸਤਾਂ ਦਿੱਤੀਆਂ ਗਈਆਂ। ਸੰਸਥਾ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਸਵਰਨ ਚੌਧਰੀ, ਜਨਰਲ ਸਕੱਤਰ ਐਸਐਸ ਬੇਦੀ ਅਤੇ ਪ੍ਰੈਸ ਸਕੱਤਰ ਹਰਿੰਦਰਪਾਲ ਸਿੰਘ ਹੈਰੀ ਨੇ ਇਹ ਸਾਮਾਨ ਅੱਜ ਨਗਰ ਨਿਗਮ ਭਵਨ ਵਿਖੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਰਾਹੀਂ ਐਸਐਮਓ ਡਾ. ਐਚ.ਐਸ ਚੀਮਾ ਦੇ ਸਪੁਰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਸਕ ਅਤੇ ਹੋਰ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਚੌਧਰੀ ਨੇ ਕਿਹਾ ਕਿ ਭਵਿੱਖ ਵਿੱਚ ਜੇਕਰ ਮਹਾਮਾਰੀ ਨਾਲ ਸਬੰਧਤ ਕੋਈ ਵੀ ਸਹਾਇਤਾ ਦੀ ਲੋੜ ਪਵੇਗੀ ਤਾਂ ਉਨ੍ਹਾਂ ਦੀ ਸੰਸਥਾ ਹਰ ਸੰਭਵ ਸਹਾਇਤਾ ਲਈ ਤਿਆਰ ਰਹੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਪੈਰਾ ਮੈਡੀਕਲ ਅਤੇ ਕਰੋਨਾ ਯੋਧਿਆਂ ਨੂੰ ਚਾਰ ਲੱਖ ਰੁਪਏ ਕੀਮਤ ਦੀਆਂ ਪੀਪੀਈ ਕਿੱਟਾਂ, ਮਾਸਕ, ਸੈਨੀਟਾਈਜ਼ਰ, ਦਸਤਾਨੇ ਅਤੇ ਸਾਬਣਾਂ ਦਾਨ ਕੀਤੀਆਂ ਗਈਆਂ ਸਨ। ਮੇਅਰ ਜੀਤੀ ਸਿੱਧੂ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਨਗਰ ਨਿਗਮ ਵੱਲੋਂ ਵੀ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿਚਲੇ ਕਮਿਊਨਿਟੀ ਸੈਂਟਰਾਂ ਨੂੰ ਕੋਵਿਡ ਆਈਸੋਲੇਸ਼ਨ ਵਾਰਡਾਂ ਵਿੱਚ ਤਬਦੀਲ ਕਰਨ ਦਾ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਉਨ੍ਹਾਂ ਨੂੰ ਸ਼ਿਕਾਇਤਾਂ ਅਤੇ ਇਤਰਾਜ਼ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਕੇਸ ਵਧਣ ਕਾਰਨ ਲੋਕਾਂ ਦੀ ਸੁਵਿਧਾ ਲਈ ਹੀ ਕਮਿਊਨਿਟੀ ਸੈਂਟਰਾਂ ਦੀਆਂ ਇਮਾਰਤਾਂ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਬੈੱਡ ਲਗਾਉਣ ਦੀ ਵਿਵਸਥਾ ਕੀਤੀ ਜਾ ਰਹੀ ਸੀ ਪਰ ਹੁਣ ਜਦੋਂ ਲੋਕ ਹੀ ਵਿਰੋਧ ’ਤੇ ਉਤਾਰ ਆਏ ਤਾਂ ਪ੍ਰਸ਼ਾਸਨ ਕੀ ਕਰ ਸਕਦਾ ਹੈ। ਮੇਅਰ ਨੇ ਭਰੋਸਾ ਦਿੱਤਾ ਕਿ ਹੁਣ ਕਮਿਊਨਿਟੀ ਸੈਂਟਰਾਂ ਦੀ ਥਾਂ ਰੈਣ ਬਸੇਰਾ ਦੀਆਂ ਇਮਾਰਤਾਂ ਵਿੱਚ ਕੋਵਿਡ ਕੇਅਰ ਸੈਂਟਰ ਬਣਾਏ ਜਾਣਗੇ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਮੌਕੇ ਐਕਸੀਅਨ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ