ਸੀਨੀਅਰ ਆਈਏਐਸ ਅਧਿਕਾਰੀ ਕੈਪਟਨ ਸਿੱਧੂ ਮੁਹਾਲੀ ਤੋਂ ਅਕਾਲੀ ਦਲ ਦੇ ਉਮੀਦਵਾਰ ਘੋਸ਼ਿਤ

h4>ਸਥਾਨਕ ਅਕਾਲੀ ਆਗੂਆਂ ਦਾ ਪੱਤਾ ਕੱਟਿਆਂ, ਅਕਾਲੀ ਕੌਂਸਲਰਾਂ ਦੀ ਮੰਗ ਨੂੰ ਨਹੀਂ ਪਿਆ ਬੂਰ, ਸੁਖਬੀਰ ਨੇ ਕੌਂਸਲਰਾਂ ਦੀ ਮੰਗ ਠੁਕਰਾਈ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਜਵਾਈ ਸੀਨੀਅਰ ਆਈਏਐਸ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੂੰ ਮੁਹਾਲੀ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਸਮੇਂ ਉਹ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ। ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਡਿਪਟੀ ਕਮਿਸ਼ਨਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਵਜੋਂ ਲੋਕਾਂ ਦੇ ਸੇਵਾਦਾਰ ਵਾਂਗ ਕੰਮ ਕੀਤਾ ਹੈ ਅਤੇ ਹੁਣ ਤੱਕ ਉਨ੍ਹਾਂ ਦੇ ਵਿਕਾਸ ਕੰਮਾਂ ਜਾਂ ਯੋਜਨਾ ਦੀ ਵਿਰੋਧੀਆਂ ਵੱਲੋਂ ਵੀ ਕਦੇ ਅਲੋਚਨਾ ਨਹੀਂ ਕੀਤੀ ਗਈ।
ਇਸ ਸਬੰਧੀ ਸੰਪਰਕ ਕਰਨ ’ਤੇ ਮੰਗਲਵਾਰ ਸ਼ਾਮ ਨੂੰ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸ਼ਾਮੀ ਕੈਪਟਨ ਸਿੱਧੂ ਨੂੰ ਟਿਕਟ ਦੇਣ ਦੀ ਪੁਸ਼ਟੀ ਕੀਤੀ ਹੈ। ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਖਰੜ ਸਮੇਤ ਬਾਕੀ ਰਹਿੰਦੇ ਹਲਕਿਆਂ ਵਿੱਚ ਵੀ ਇਸੇ ਹਫ਼ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਮੁੱਦਾਹੀਣ ਕਰਾਰ ਦਿੰਦਿਆਂ ਕਿਹਾ ਕਿ ਭਗੌੜੇ ਤੇ ਹੋਰਨਾਂ ਪਾਰਟੀਆਂ ’ਚੋਂ ਕੱਢੇ ਵੱਢੇ ਆਗੂਆਂ ਦੀ ਅਗਵਾਈ ਵਾਲੀਆਂ ਇਨ੍ਹਾਂ ਪਾਰਟੀਆਂ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਦੋਵੇਂ ਪਾਰਟੀਆਂ ਦੇ ਆਗੂ ਐਸਵਾਈਐਲ ਅਤੇ ਨਸ਼ਿਆਂ ਦੇ ਮੁੱਦੇ ’ਤੇ ਰਾਜ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਉਧਰ, ਪ੍ਰਸ਼ਾਸਨਿਕ ਮੈਦਾਨ ਵਿੱਚ ਆਪਣੀ ਦਮ ਦਿਖਾਉਣ ਵਾਲੇ ਕੈਪਟਨ ਸਿੱਧੂ ਹੁਣ ਚੋਣ ਮੈਦਾਨ ਵਿੱਚ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਨਾਲ ਦੋ-ਦੋ ਹੱਥ ਕਰਨਗੇ। ਬੀਤੇ ਦਿਨੀਂ ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਜਿਸ ਨੂੰ ਅੱਜ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ ਦੁਪਹਿਰ ਵੇਲੇ ਪ੍ਰਵਾਨ ਕਰ ਲਿਆ ਹੈ। ਇਸ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਧਿਕਾਰੀ ਨੂੰ ਮੁਹਾਲੀ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ ਗਿਆ।
ਸ੍ਰੀ ਸਿੱਧੂ ਨੇ ਮੁੱਢਲੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਪਟਿਆਲਾ ਤੋਂ ਕੀਤੀ। ਉਹ ਆਲ ਰਾਊਂਡਰ ਖੇਡਾਂ ਦੇ ਖੇਤਰ ਵਿੱਚ ਗੋਲਡ ਮੈਡਲਿਸਟ ਹਨ। ਸਾਲ 1981 ਵਿੱਚ ਉਨ੍ਹਾਂ ਨੇ ਫੌਜ ਵਿੱਚ ਭਾਰਤੀ ਹੋ ਕੇ ਕਾਫੀ ਸਮਾਂ ਦੇਸ਼ ਦੀ ਸੇਵਾ ਕਰਦਿਆਂ ਕੈਪਟਨ ਵਜੋਂ ਫੌਜੀ ਜਵਾਨਾਂ ਦੀ ਅਗਵਾਈ ਕੀਤੀ। ਇਸ ਮਗਰੋਂ ਉਹ ਪੰਜਾਬ ਵਾਪਸ ਆ ਕੇ ਸੰਨ 1989 ਵਿੱਚ ਪੀਸੀਐਸ ਬਣ ਗਏ ਅਤੇ ਵੱਖ-ਵੱਖ ਵਿਭਾਗਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ। ਸਰਕਾਰ ਨੇ 2004 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਆਈਏਐਸ ਬਣਾ ਕੇ ਪੇਡਾ ਵਿੱਚ ਸੀਈਓ ਦੇ ਅਹੁਦੇ ’ਤੇ ਤਾਇਨਾਤ ਕਰ ਦਿੱਤਾ। ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਨੇ ਬਿਜਲੀ ਦੀ ਬਚਤ ਦਾ ਹੋਕਾ ਦਿੰਦਿਆਂ ਸੂਰਜ ਊਰਜਾ ਪ੍ਰਾਜੈਕਟ ਲਗਾਉਣ ਲਈ ਲੋਕਾਂ ਦੀ ਲਾਮਬੰਦੀ ਕੀਤੀ ਅਤੇ ਕਾਫੀ ਹੱਦ ਤੱਕ ਸਫ਼ਲਤਾ ਵੀ ਹਾਸਲ ਕੀਤੀ। ਮਾਰਚ 2013 ਪੰਜਾਬ ਸਰਕਾਰ ਨੇ ਕੈਪਟਨ ਸਿੱਧੂ ਨੂੰ ਮੁਹਾਲੀ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ। ਉਨ੍ਹਾਂ ਕਰੀਬ ਚਾਰ ਸਾਲ ਪੂਰੀ ਲਗਨ ਤੇ ਇਮਾਨਦਰੀ ਨਾਲ ਡਿਊਟੀ ਕਰਦਿਆਂ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਵਧੀਆਂ ਕੰਮਾਂ ਕਰਕੇ ਹਮੇਸ਼ਾਂ ਹੀ ਅਲੋਚਨਾ ਤੋਂ ਬਚੇ ਰਹੇ ਪ੍ਰੰਤੂ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਕਈ ਅਹਿਮ ਪ੍ਰਾਜੈਕਟ ਜਿਨ੍ਹਾਂ ਵਿੱਚ ਮੁਹਾਲੀ ਦੀ ਸੁੰਦਰਤਾ, ਅਣ ਅਧਿਕਾਰਤ ਹੋਰਡਿੰਗ ਅਤੇ ਲਾਂਡਰਾਂ ਟੀ-ਪੁਆਇੰਟ ’ਤੇ ਫਲਾਈ ਓਵਰ ਬਣਾਉਣ ਦਾ ਕੰਮ ਉਥੇ ਹੀ ਲਮਕ ਗਿਆ ਹੈ।
(ਬਾਕਸ ਆਈਟਮ)
ਉਧਰ, ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਰਫੈੱਡ ਪੰਜਾਬ ਦੇ ਐਮ.ਡੀ ਪਰਵਿੰਦਰ ਸਿੰਘ ਸੋਹਾਣਾ, ਸੀਨੀਅਰ ਆਗੂ ਗੁਰਮੀਤ ਸਿੰਘ ਬਾਕਰਪੁਰ, ਜ਼ਿਲ੍ਹਾ ਇਸਤਰੀ ਅਕਾਲੀ ਦਲ ਸ਼ਹਿਰੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਵੀ ਲਗਾਤਾਰ ਮੁਹਾਲੀ ਤੋਂ ਅਕਾਲੀ ਦਲ ਦੀ ਟਿਕਟ ਲੈਣ ਲਈ ਪੱਬਾ ਭਾਰ ਹੋਏ ਪਏ ਸੀ। ਇਨ੍ਹਾਂ ’ਚੋਂ ਇੱਕ ਦੋ ਆਗੂ ਤਾਂ ਉਨ੍ਹਾਂ ਨੂੰ ਹੀ ਟਿਕਟ ਮਿਲਣ ਲਈ ਪੂਰੇ ਆਸਵੰਦ ਸੀ। ਉਂਜ ਸੁਖਬੀਰ ਬਾਦਲ ਦੇ ਨੇੜਲੇ ਸਾਥੀ ਮਨਜਿੰਦਰ ਸਿੰਘ ਸਿਰਸਾ ਅਤੇ ਓਐਸਡੀ ਚਰਨਜੀਤ ਸਿੰਘ ਬਰਾੜ ਨੂੰ ਵੀ ਚੋਣ ਲੜਾਉਣ ਦੀ ਚਰਚਾ ਜ਼ੋਰਾਂ ’ਤੇ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਵੀ ਚੇਅਰਮੈਨ ਬਣਨ ਤੋਂ ਬਾਅਦ ਟਿਕਟ ਦੀ ਦੌੜ ਵਿੱਚ ਸ਼ਾਮਲ ਹੋ ਗਏ ਸੀ। ਇਹੀ ਨਹੀਂ ਸਥਾਨਕ ਅਕਾਲੀ ਦਲ ਦੇ ਕੌਂਸਲਰਾਂ ਨੇ ਇਕਜੁਟ ਹੋ ਕੇ ਸਥਾਨਕ ਆਗੂ ਨੂੰ ਟਿਕਟ ਦੇਣ ਲਈ ਹਾਈ ਕਮਾਂਡ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਸਬੰਧੀ ਉਨ੍ਹਾਂ ਨੇ ਮੀਡੀਆ ਵਿੱਚ ਵੀ ਕਈ ਖ਼ਬਰਾਂ ਨਸ਼ਰ ਕਰਵਾਈਆਂ ਹਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਦੀ ਗੱਲ ਨਹੀਂ ਬਣੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…